ਪਟਿਆਲਾ (ਗੁਰਨਾਮ ਸਿੰਘ ਅਕੀਦਾ): ਅੱਜ ਈਦ-ਉਲ-ਫਿਤਰ ਦਾ ਤਿਉਹਾਰ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਮਨਾਇਆ। ਵਿਧਾਇਕ ਨੇ ਇੱਥੇ ਸੰਦੇਸ਼ ਦਿੱਤਾ ਕਿ ਸਾਰੇ ਭਾਈਚਾਰਿਆਂ ਦੇ ਤਿਉਹਾਰ ਸਾਨੂੰ ਸਾਂਝੇ ਤੌਰ ਤੇ ਮਨਾਉਣੇ ਚਾਹੀਦੇ ਹਨ। ਅੱਜ ਸਵੇਰੇ ਤੋਂ ਹੀ ਪਟਿਆਲਾ ਦੀਆਂ ਮਸਜਿਦਾਂ ਦੇ ਆਲ਼ੇ ਦੁਆਲੇ ਪੁਲੀਸ ਦੀ ਸੁਰੱਖਿਆ ਦੇਖੀ ਗਈ। ਪਟਿਆਲਾ ਦੀ ਵੱਡੀ ਜਾਮਾ ਮਸਜਿਦ ਮਹਾਤਮਾਂ ਗਾਂਧੀ ਦੇ ਬੁੱਤ ਸਾਹਮਣੇ ਵੱਡੀ ਗਿਣਤੀ ਮੁਸਲਮਾਨ ਭਰਾ ਇਕੱਠੇ ਹੋਏ, ਪਹਿਲਾਂ ਨਮਾਜ਼ ਪੜ੍ਹੀ ਉਸ ਤੋਂ ਬਾਅਦ ਈਦ ਦੀ ਮੁਬਾਰਕ ਦਿੱਤੀ ਗਈ। ਇਸ ਵੇਲੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵੱਖ ਵੱਖ ਮਸਜਿਦਾਂ ਵਿੱਚ ਜਾ ਕੇ ਸੁਰੱਖਿਆ ਦਾ ਜਾਇਜ਼ਾ ਵੀ ਲਿਆ ਤਾਂ ਕਿ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ। ਇਸ ਦੇ ਨਾਲ ਹੀ ਉਨ੍ਹਾਂ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ ਤੇ ਮੁਬਾਰਕ ਦਿੱਤੀ। ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਮੁਹੰਮਦ ਅਲੀ ਤੇ ਸਿਤਾਰ ਮੁਹੰਮਦ ਨੇ ਇਸ ਗੱਲ ਦੀ ਖ਼ੁਸ਼ੀ ਪ੍ਰਗਟ ਕੀਤੀ ਕਿ ਵਿਧਾਇਕ ਨੇ ਉਨ੍ਹਾਂ ਦੇ ਤਿਉਹਾਰ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਵੀ ਪਟਿਆਲਾ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਪਿਆਰ ਤੇ ਸਨੇਹ ਬਣਾ ਕੇ ਰੱਖਣਾ ਚਾਹੀਦਾ ਹੈ।