ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 14 ਜੂਨ
ਬੀਤੀ ਰਾਤ ਸਿਵਲ ਹਸਪਤਾਲ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਪਰ ਕਥਿਤ ਕਾਂਗਰਸੀ ਵਰਕਰਾਂ ਦੁਆਰਾ ਕੀਤੀ ਮਾਰਕੁੱਟ ਦੇ ਰੋਸ ਵਜੋਂ ਅੱਜ ’ਆਪ’ ਦੀ ਲੋਕਲ ਇਕਾਈ ਜਿਸ ਵਿਚ ਸੂਬਾ ਖ਼ਜ਼ਾਨਚੀ ਨੀਨਾ ਮਿੱਤਲ, ਸੀਨੀਅਰ ਆਗੂ ਦੀਪਕ ਸੂਦ, ਬੰਤ ਸਿੰਘ, ਗੁਰਪ੍ਰੀਤ ਸੰਧੂ ਸ਼ਾਮਲ ਸਨ, ਦੀ ਅਗਵਾਈ ਹੇਠ ਆਪ ਵਰਕਰਾਂ ਵੱਲੋਂ ਅੱਜ ਡਾ. ਭੀਮ ਰਾਓ ਅੰਬੇਦਕਰ ਚੌਕ ‘ਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਖ਼ਿਲਾਫ਼ ਧਰਨਾ ਦਿੱਤਾ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਨੇ ਚੌਕ ਵਿਚ ਹੀ ਵਿਧਾਇਕ ਦਾ ਪੁਤਲਾ ਵੀ ਫੂਕਿਆ। ਆਪ ਆਗੂ ਵੱਲੋਂ ਵਿਧਾਇਕ ਕੰਬੋਜ ’ਤੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਗਾਏ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਅੱਜ ਵਿਧਾਇਕ ਕੰਬੋਜ ਦਾ ਜਨਮ ਦਿਨ ਹੈ।
ਧਰਨੇ ਦੌਰਾਨ ਨੀਨਾ ਮਿੱਤਲ ਤੇ ਹੋਰ ਆਗੂਆਂ ਨੇ ਦੱਸਿਆ ਕਿ ਬੀਤੀ ਸ਼ਾਮ ਨੀਲਪੁਰ ਵਿਖੇ ਕੁਝ ਕਥਿਤ ਕਾਂਗਰਸੀ ਵਰਕਰਾਂ ਵੱਲੋਂ ਆਪ ਵਰਕਰਾਂ ਉੱਪਰ ਹਮਲਾ ਕਰਨ ’ਤੇ ਉਨ੍ਹਾਂ ਦੇ ਤਿੰਨ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਪੁਲੀਸ ਸੱਤਾਧਾਰੀ ਪਾਰਟੀ ਦਾ ਪੱਖ ਪੂਰ ਰਹੀ ਹੈ ਅਤੇ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੇ ਅੱਜ ਇੱਥੇ ਧਰਨਾ ਦਿੱਤਾ ਹੈ। ਧਰਨਾਕਾਰੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਰਾਜਪੁਰਾ ਦੇ ਐਸਐਚਓ ਗੁਰਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤਿੰਨ ਦਿਨਾਂ ਅੰਦਰ ਪੁਲੀਸ ਨੇ ਕੋਈ ਢੁਕਵੀਂ ਕਾਰਵਾਈ ਨਾ ਕੀਤੀ ਤਾਂ ਉਹ ਅਣਮਿਥੇ ਸਮੇਂ ਲਈ ਧਰਨਾ ਦੇਣਗੇ। ਇਸ ਮੌਕੇ ਐਸਐਚਓ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਹੈ। ਜੇ ਕੋਈ ਹੋਰ ਕਾਰਵਾਈ ਲੋੜੀਂਦੀ ਹੋਈ ਤਾਂ ਉਹ ਵੀ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਕੰਬੋਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਪ ਆਗੂ ਰਾਜਪੁਰੇ ਦਾ ਹੋ ਰਹੇ ਅਥਾਹ ਵਿਕਾਸ ਕਾਰਨ ਬੁਖਲਾਹਟ ਵਿਚ ਹਨ, ਉਨ੍ਹਾਂ ਕੋਲ ਜਨਤਾ ਵਿਚ ਜਾਣ ਦਾ ਹੁਣ ਹੋਰ ਕੋਈ ਮੁੱਦਾ ਨਹੀਂ ਹੈ। ਇਸ ਲਈ ਬਿਨਾ ਸਿਰ ਪੈਰ ਦੇ ਇਲਜ਼ਾਮ ਲਗਾ ਰਹੇ ਹਨ।