ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 11 ਨਵੰਬਰ
ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦਸਮੇਸ਼ ਨਗਰ ਨਜ਼ਦੀਕ ਰੇਲਵੇ ਲਾਈਨ ’ਤੇ ਉਸਾਰੇ ਜਾ ਰਹੇ ਓਵਰਬ੍ਰਿਜ ਦੇ ਕਾਰਜਾਂ ਅਤੇ ਉਸਾਰੀ ਨਾਲ ਸਬੰਧਤ ਸਮੱਗਰੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਪੁਲ ਨਿਰਮਾਣ ਦੇ ਕਾਰਜਾਂ ਵਿਚ ਲੱਗੇ ਇੰਜਨੀਅਰਾਂ ਅਤੇ ਹੋਰ ਅਮਲੇ ਨਾਲ ਗੱਲਬਾਤ ਕੀਤੀ। ਸ੍ਰੀ ਕੰਬੋਜ ਨੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਨਿਰਮਾਣ ਕਾਰਜ ਵਿਚ ਲੱਗ ਰਹੇ ਮਟੀਰੀਅਲ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗੁਣਵੱਤਾ ਸਬੰਧੀ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਓਵਰਬ੍ਰਿਜ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਪੁਲ ਦਾ ਕੰਮ ਜਲਦੀ ਹੀ ਪੂਰਾ ਕਰ ਕੇ ਇਸ ਨੂੰ ਰਾਜਪੁਰਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਓਵਰਬ੍ਰਿਜ ਨਾਲ ਨੇੜਲੇ 40-50 ਪਿੰਡਾਂ ਅਤੇ ਰਾਜਪੁਰਾ ਦੇ ਦੁਕਾਨਦਾਰਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸਡੀਓ ਲੋਕ ਨਿਰਮਾਣ ਵਿਭਾਗ ਰਾਜੀਵ ਗੌੜ, ਕੌਂਸਲਰ ਅਮਰ ਸਿੰਘ ਪਾਸੀ, ਵਿਜੈ ਕੁਮਾਰ, ਵਿਕਟਰ ਮਸੀਹ, ਬਲਦੇਵ ਕੌਸ਼ਲ ਤੋਂ ਇਲਾਵਾ ਹੋਰ ਕਲੋਨੀ ਵਾਸੀ ਮੌਜੂਦ ਸਨ।