ਪੱਤਰ ਪ੍ਰੇਰਕ
ਪਟਿਆਲਾ, 2 ਅਪਰੈਲ
ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਸਿਰਫ਼ ਐਲਾਨ ਹੀ ਨਹੀਂ ਕਰੇਗੀ ਸਗੋਂ ਉਹ ਕੰਮ ਕਰਕੇ ਦਿਖਾਉਣਗੇ। ਡਾ. ਬਲਬੀਰ ਸਿੰਘ ਨੇ ਇਹ ਬਿਆਨ ਡੇਢ ਦਰਜਨ ਤੋਂ ਵੱਧ ਪਿੰਡਾਂ ਵਿਚ ਧੰਨਵਾਦੀ ਦੌਰਾ ਕਰਨ ਵੇਲੇ ਸੱਥਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਬਿਨਾਂ ਕਿਸੇ ਭੇਦ ਭਾਵ ਤੋਂ ਲੋਕਾਂ ਦੇ ਕੰਮ ਕਰਨ ਲਈ ਸਰਕਾਰ ਬਚਨਬੱਧ ਹੈ। ਅੱਜ ਉਨ੍ਹਾਂ ਘਮਰੌਦਾ, ਰੋਹਟੀ ਖ਼ਾਸ, ਹਿਆਣਾ ਕਲਾ, ਹਿਆਣਾ ਖ਼ੁਰਦ, ਸ਼ਮਲਾ, ਅਜਨੌਦਾ ਖ਼ੁਰਦ, ਅਜਨੌਦਾ ਕਲਾਂ, ਕਨਸੁਹਾ ਕਲਾਂ, ਪੇਧਨ, ਪੇਧਨੀ, ਖ਼ੁਰਦ, ਧੰਗੇੜਾਂ, ਧੰਗੇੜਾ ਕਾਲੋਨੀਆਂ, ਲੁਬਾਣਾ ਬਾਜ਼ੀਗਰ ਬਸਤੀ ਆਦਿ ਪਿੰਡਾਂ ਦਾ ਦੌਰਾ ਕੀਤਾ। ਡਾ ਬਲਬੀਰ ਨੇ ਕਿਹਾ ਕਿ ਉਨ੍ਹਾਂ ਅੱਜ ਆਪਣੇ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਵਿਕਾਸ ਕਾਰਜਾਂ ਬਾਰੇ ਚਰਚਾ ਅਤੇ ਕੰਮਾਂ ਦੀ ਸ਼ੁਰੂਆਤ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਕੀਤੀ। ਇਸ ਮੌਕੇ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ।
ਨਰਿੰਦਰ ਭਰਾਜ ਵੱਲੋਂ ਪਿੰਡਾਂ ਦਾ ਦੌਰਾ
ਭਵਾਨੀਗੜ੍ਹ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਇਲਾਕੇ ਦੇ ਪਿੰਡ ਕਪਿਆਲ, ਬਟੜਿਆਣਾ, ਝਨੇੜੀ ਅਤੇ ਘਰਾਚੋਂ ਦਾ ਧੰਨਵਾਦੀ ਦੌਰਾ ਕੀਤਾ। ਇਸ ਮੌਕੇ ਨਰਿੰਦਰ ਕੌਰ ਭਰਾਜ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਸਾਂਝੇ ਕੰਮਾਂ ਨੂੰ ਤਰਜੀਹੀ ਤੌਰ ’ਤੇ ਹੱਲ ਕਰਵਾਏਗੀ। ਉਨ੍ਹਾਂ ਕਿਹਾ ਕਿ ਪਿੰਡ ਦਾ ਹਰ ਨਾਗਰਿਕ ਸਰਕਾਰੀ ਦਫਤਰਾਂ ਵਿੱਚ ਬਿਨਾਂ ਕਿਸੇ ਸਿਫਾਰਸ਼ ਤੋਂ ਆਪਣੇ ਕੰਮ ਲਈ ਜਾਵੇ ਤੇ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨਾਲ ਸੰਪਰਕ ਕੀਤਾ ਜਾਵੇ।