ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 9 ਦਸੰਬਰ
ਪਿਛਲੇ ਲਗਭਗ 6 ਦਹਾਕਿਆਂ ਤੋਂ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ’ਤੇ 400 ਦੇ ਕਰੀਬ ਦੁਕਾਨਾਂ ਅਤੇ ਰਿਹਾਇਸ਼ੀ ਮਕਾਨਾਂ ਵਿਚ ਰਹਿੰਦੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਸਕੀਮ ਅਧੀਨ ਪੱਕੀ ਅਲਾਟਮੈਂਟ ਕਰਵਾ ਕੇ ਦੇਣ ਦਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਕੀਤੇ ਐਲਾਨ ਤੋਂ ਬਾਅਦ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਸੈਂਕੜੇ ਦੁਕਾਨਦਾਰਾਂ ਵੱਲੋਂ ਹਲਕਾ ਵਿਧਾਇਕ ਦੀ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਧਾਇਕ ਕੰਬੋਜ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਦਕਾ ਰਾਜਪੁਰਾ ਵਿਚ ਆਜ਼ਾਦੀ ਦੇ ਸਮੇਂ ਤੋਂ ਨਾਜਾਇਜ਼ ਕਲੋਨੀਆਂ ਵਿਚ ਰਹਿੰਦੇ ਕਰੀਬ 1100 ਪਰਿਵਾਰਾਂ ਨੂੰ ਪੱਕੇ ਮਾਲਕਾਨਾ ਹੱਕ ਦਿੱਤੇ ਜਾ ਚੁੱਕੇ ਹਨ, ਹੁਣ ਇਨ੍ਹਾਂ ਲਗਭਗ 400 ਦੁਕਾਨਦਾਰਾਂ ਤੇ ਮਕਾਨ ਮਾਲਕਾਂ ਨੂੰ ਵੀ ਬਹੁਤ ਘੱਟ ਡੀਸੀ ਰੇਟਾਂ ’ਤੇ ਪੱਕੇ ਮਾਲਕ ਬਣਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਲੋਕ ਨਿਰਮਾਣ ਵਿਭਾਗ ਦੁਆਰਾ ਨਗਰ ਕੌਂਸਲ ਰਾਜਪੁਰਾ ਨੂੰ ਟਰਾਂਸਫ਼ਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲਕਾਨਾ ਹੱਕ ਸਬੰਧੀ ਪੰਜਾਬ ਸਰਕਾਰ ਤੋਂ ਇਨ੍ਹਾਂ ਦੁਕਾਨਦਾਰਾਂ ਨੂੰ ਮਨਜ਼ੂਰੀ ਲਿਆ ਕੇ ਦੇ ਦਿੱਤੀ ਗਈ ਹੈ।