ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ, 8 ਅਗਸਤ
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਥੇ ਪੇਚਸ਼ ਪ੍ਰਭਾਵਿਤ ਮਹਿੰਦਰਾ ਕਲੋਨੀ ਦਾ ਦੌਰਾ ਕਰਕੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਅਸਲ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਤੇ ਸੰਯੁਕਤ ਕਮਿਸ਼ਨਰ ਨਮਨ ਮੜਕਣ ਸਮੇਤ ਸਿਵਲ ਸਰਜਨ ਡਾ. ਰਾਜੂ ਧੀਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਪੇਚਸ਼ ਕਾਰਨ ਆਪਣੇ ਦੋ ਬੱਚਿਆਂ ਦੀ ਜਾਨ ਗੁਆਉਣ ਵਾਲੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਖ਼ੁਦ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ’ਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਵਿਧਾਇਕ ਕੋਹਲੀ ਅਤੇ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਤੇ ਰੈੱਡ ਕਰਾਸ ਸੁਸਾਇਟੀ ਵੱਲੋਂ 50-50 ਹਜ਼ਾਰ ਦੀ ਵਿੱਤੀ ਸਹਾਇਤਾ ਦੇ ਚੈੱਕ ਅਤੇ ਰਾਸ਼ਨ ਸਮੱਗਰੀ ਵੀ ਪ੍ਰਦਾਨ ਕੀਤੀ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪੇਚਸ਼ ਦੀ ਸਥਿਤੀ ਹੁਣ ਕਾਬੂ ਹੇਠ ਹੈ, ਕਿਉਂਕਿ ਪਿਛਲੇ ਕਰੀਬ 4 ਦਿਨਾਂ ਤੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਦਿਨ ਰਾਤ ਇੱਕ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਧਾਇਕ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਸਮੇਤ ਹੋਰ ਸਬੰਧਿਤ ਵਿਭਾਗਾਂ ਵੱਲੋਂ ਪੇਚਸ਼ ਦੇ ਮਾਮਲੇ ’ਤੇ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ।
ਪੇਚਸ਼ ਪ੍ਰਭਾਵਿਤ ਖੇਤਰ ਵਿਚੋਂ ਲਏ ਪਾਣੀ ਦੇ ਸੱਤ ’ਚੋਂ ਛੇ ਸੈਂਪਲ ਫੇਲ੍ਹ
ਪਟਿਆਲਾ (ਖੇਤਰੀ ਪ੍ਰਤੀਨਿਧ): ਸਿਹਤ ਵਿਭਾਗ ਵੱਲੋਂ ਨਿਊ ਮਹਿੰਦਰਾ ਕਲੋਨੀ ਵਿਚੋਂ ਲਏ ਗਏ ਪਾਣੀ ਦੇ ਸੱਤ ਵਿਚੋਂ ਛੇ ਸੈਂਪਲ ਫੇਲ੍ਹ ਪਾਏ ਗਏ ਹਨ। ਇਨ੍ਹਾਂ ਵਿਚੋਂ ਦੋ ਸੈਂਪਲ ਸਬਮਰਸੀਬਲਾਂ ਤੋਂ ਆਉਂਦੇ ਪਾਣੀ ਦੇ ਹਨ। ਜਦਕਿ ਚਾਰ ਸੈਂਪਲ ਉਸ ਪਾਣੀ ਦੇ ਹਨ, ਜਿਹੜਾ ਵਾਟਰ ਟੈਂਕਾਂ ਵਿਚੋਂ ਸਪਲਾਈ ਹੁੰਦਾ ਹੈ। ਇਹ ਸੈਂਪਲ ਇਸ ਕਲੋਨੀ ’ਚ ਪੇਚਸ਼ ਦੀ ਬਿਮਾਰੀ ਫੈਲਣ ਤੋਂ ਅਗਲੇ ਹੀ ਦਿਨ ਕਲੋਨੀ ਦੇ ਵੱਖ ਵੱਖ ਘਰਾਂ ਅਤੇ ਹੋਰ ਥਾਵਾਂ ਤੋਂ ਲਏ ਗਏ ਸਨ। ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੁੱਛਣ ’ਤੇ ਵੀ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਆਹਲਾ ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਜਾਂਚ ਲਈ ਭੇਜੇ ਗਏ ਪਾਣੀ ਦੇ ਸੱੱਤ ਵਿਚੋਂ ਛੇ ਸੈਂਪਲ ਫੇਲ੍ਹ ਪਾਏ ਗਏ ਹਨ। ਇਸ ਸਬੰਧੀ ਦੇਰ ਸ਼ਾਮੀ ਜਦੋਂ ਡਿਪਟੀ ਕਮਿਸ਼ਨਰ ਸ੍ਰ੍ਰੀਮਤੀ ਸਾਕਸ਼ੀ ਸਾਹਨੀ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਅਜੇ ਉਨ੍ਹਾਂ ਕੋਲ਼ ਰਿਪੋਰਟ ਨਹੀਂ ਪੁੱਜੀ। ਪਰ ਸਿਵਲ ਸਰਜਨ ਡਾ. ਰਾਜੂ ਧੀਰ ਨੇ ਫੋਨ ਨਹੀਂ ਚੁੱਕਿਆ।