ਖੇਤਰੀ ਪ੍ਰਤੀਨਿਧ
ਪਟਿਆਲਾ, 17 ਜੂਨ
ਯੁਵਕ ਸੇਵਾਵਾਂ ਵਿਭਾਗ ਅਤੇ ਪੁਲੀਸ ਚੌਕੀ ਅਫ਼ਸਰ ਕਲੋਨੀ ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਪ੍ਰੋਗਰਾਮ ਕਰਕੇ ਕਰੋਨਾ ਮਹਾਂਮਾਰੀ ਸਮੇਂ ਆਪਣੀਆਂ ਸੇਵਾਵਾਂ ਦੇਣ ਵਾਲੇ ਪੁਲੀਸ ਮੁਲਾਜ਼ਮਾਂ ਅਤੇ ਵਾਲੰਟੀਅਰਾਂ ਦਾ ‘ਮਿਸ਼ਨ ਫ਼ਤਿਹ’ ਦੇ ਬੈਜ ਲਗਾ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸਮਾਜ ਸੇਵੀਆਂ ਅਤੇ ਪੁਲੀਸ ਕਰਮਚਾਰੀਆਂ ਨੂੰ ਬੈਜ ਲਗਾ ਕੇ ਸਨਮਾਨਿਤ ਕਰਦਿਆਂ, ਚੌਕੀ ਇੰਚਾਰਜ ਸਬ ਇੰਸਪੈਕਟਰ ਮਿਸ ਪ੍ਰਿਆਂਸ਼ੂ ਨੇ ਕਿਹਾ ਕਿ ਤਿੰਨ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਦੌਰਾਨ ਪੁਲੀਸ ਮੁਲਾਜ਼ਮ 24 ਘੰਟੇ ਡਿਊਟੀ ਦੇ ਰਹੇ ਹਨ। ਉਥੇ ਹੀ ਯੁਵਕ ਸੇਵਾਵਾਂ ਵਿਭਾਗ ਦੇ ਵਾਲੰਟੀਅਰਾਂ ਵੱਲੋਂ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੌਰਾਨ ਹੀ ਚੌਕੀ ਇੰਚਾਰਜ ਨੇ ਮਾਸਕ ਵੀ ਵੰਡੇ ਅਤੇ ਸਭ ਨੂੰ ਕੋਵਾ ਐਪ ਡਾਊਨਲੋਡ ਕਰਨ ਅਤੇ ਮਿਸ਼ਨ ਫ਼ਤਿਹ ਦਾ ਹਿੱਸਾ ਬਣਨ ਲਈ ਪ੍ਰੇਰਿਆ। ਇਸ ਮੌਕੇ ਪੁਲੀਸ ਚੌਕੀ ਅਫ਼ਸਰ ਕਲੋਨੀ ਵਿੱਚ ਕਰੋਨਾ ਦੌਰਾਨ ਤਿੰਨ ਮਹੀਨੇ ਤੋਂ ਤਨਦੇਹੀ ਨਾਲ ਡਿਊਟੀ ਦੇਣ ਵਾਲੇ ਏਐੱਸਆਈ ਅਮਰੀਕ ਸਿੰਘ, ਜਸਵਿੰਦਰ ਸਿੰਘ, ਸ਼ੀਸ਼ ਪਾਲ ਤੇ ਬਲਕਾਰ ਸਿੰਘ ਸਮੇਤ ਸਮਾਜ ਸੇਵੀ ਅਮਰਿੰਦਰ ਸਿੰਘ, ਜੈ ਦੁਰਗਾ, ਗੁਰਪਿਆਰ ਸਿੰਘ, ਵਾਲੰਟੀਅਰ ਨਹਿਰੂ ਯੁਵਾ ਕੇਂਦਰ ਰਵੀ ਰਾਹੁਲ ਅਤੇ ਰਾਜੇਸ਼ ਸ਼ਰਮਾ ਆਦਿ ਨੇ ਮਿਸ਼ਨ ਫ਼ਤਿਹ ਤਹਿਤ ਨਿਯਮਾਂ ਦਾ ਪਾਲਣ ਕਰਨ ਦੀ ਸਹੁੰ ਚੁੱਕੀ। ਜ਼ਿਕਰਯੋਗ ਹੈ ਕਿ ਲੌਕਡਾਊਨ ਤੇ ਕਰਫਿਊ ਦੌਰਾਨ ਚੌਕੀ ਇੰਚਾਰਜ ਪ੍ਰਿਆਂਸ਼ੂ ਵੱਲੋਂ ਇਲਾਕੇ ਵਿੱਚ ਰਾਸ਼ਨ ਅਤੇ ਹੋਰ ਵਸਤਾਂ ਵੀ ਵੰਡੀਆਂ ਜਾਂਦੀਆਂ ਰਹੀਆਂ ਹਨ।
ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਵਿਭਾਗ ਵੱਲੋਂ ਪੁਲੀਸ, ਐੱਨਜੀਓ, ਯੁਵਕ ਸੇਵਾਵਾਂ ਕਲੱਬਾਂ, ਐੱਨਐੱਸਐੱਸ ਵਾਲੰਟੀਅਰਾਂ ਰਾਹੀਂ ਮਿਸ਼ਨ ਫਤਿਹ ਤਹਿਤ ਰੋਜ਼ਾਨਾ ਗਤੀਵਿਧੀਆਂ ਜਾਰੀ ਹਨ। ਕਰੋਨਾ ਮਹਾਂਮਾਰੀ ਸਮੇਂ ਵਲੰਟੀਅਰਾਂ ਵੱਲੋਂ ਲੋਕਾਂ ਦੀ ਮਦਦ ਦੀ ਅਹਿਮ ਜ਼ਿੰਮੇਵਾਰੀ ਨਿਭਾਈ ਗਈ ਹੈ।