ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਜੁਲਾਈ
ਇੱਥੇ ਅੱਜ ਮਿਨੀ ਸਕੱਤਰੇਤ ਵਿੱਚ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਆਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਨਾਭਾ ਹਲਕੇ ਦੇ ਹੀ ਪਿੰਡ ਬੌੜਾਕਲਾਂ ਨਾਲ ਸਬੰਧਤ ਕੁਝ ਦਲਿਤ ਪਰਿਵਾਰਾਂ ਵੱਲੋਂ ਸ਼ਾਮਲਾਟ ਜ਼ਮੀਨ ਵਿੱਚ ਬਣਦਾ ਹਿੱਸਾ ਨਾ ਮਿਲਣ ਦੇ ਰੋਸ ਵਜੋਂ ਦੋ ਹਫਤਿਆਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਇਹ ਧਰਨਾ ਮਿਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਹੀ ਲੱਗਾ ਹੋਇਆ ਹੈ ਜਿਸ ਦੌਰਾਨ ਇਸ ਵਿਵਾਦ ਲਈ ਦਲਿਤ ਪਰਿਵਾਰਾਂ ਦੇ ਇਹ ਮੈਂਬਰ ਹਲਕਾ ਨਾਭਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਵੀ ਉਨ੍ਹਾਂ ਦੀ ਵਿਰੋਧੀ ਧਿਰ ਦੀ ਹਮਾਇਤ ਕਰਨ ਦੇ ਦੋਸ਼ ਲਾ ਰਹੇ ਹਨ।
ਇਸੇ ਦੌਰਾਨ ਧਰਮਸੋਤ ਅੱਜ ਡਿਪਟੀ ਕਮਿਸ਼ਨਰ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ਼ ਮੀਟਿੰਗ ਕਰਨ ਲਈ ਇੱਥੇ ਮਿਨੀ ਸਕੱਤਰੇਤ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਦੀਆਂ ਗੱਡੀਆਂ ਸਕੱਤਰੇਤ ਵਿੱਚ ਹੀ ਸਥਿਤ ਪੁਲੀਸ ਕੰਪਲੈਕਸ ਵਾਲੇ ਗੇਟ ਰਾਹੀਂ ਆਈਆਂ ਪਰ ਇਨ੍ਹਾਂ ਧਰਨਾਕਾਰੀਆਂ ਨੂੰ ਇਸ ਦੀ ਕੰਨੋ-ਕੰਨ ਖ਼ਬਰ ਨਾ ਹੋਈ ਪਰ ਮੀਟਿੰਗ ਖਤਮ ਕਰਨ ਮਗਰੋਂ ਧਰਮਸੋਤ ਜਦੋਂ ਵਾਪਸ ਜਾਣ ਲਈ ਰਵਾਨਾ ਹੋਣ ਲੱਗੇ, ਤਾਂ ਇਨ੍ਹਾਂ ਧਰਨਾਕਾਰੀ ਦਲਿਤ ਪਰਿਵਾਰਾਂ ਨੂੰ ਪਤਾ ਲੱਗ ਗਿਆ। ਇਸ ’ਤੇ ਉਨ੍ਹਾਂ ਨੇ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਉਨ੍ਹਾਂ ਨੇ ਪਹਿਲਾਂ ਤਾਂ ਜਬਰੀ ਸਕੱਤਰੇਤ ਦੇ ਅੰਦਰ ਜਾਣਾ ਚਾਹਿਆ। ਪਰ ਉਹ ਅਜਿਹਾ ਨਾ ਕਰ ਸਕੇ ਫੇਰ ਮੰਤਰੀ ਦਾ ਰਾਹ ਰੋਕਣ ਲਈ ਉਹ ਇਸ ਗੇਟ ਦੇ ਵਿਚਕਾਰ ਹੀ ਧਰਨਾ ਮਾਰ ਕੇ ਬੈਠ ਗਏ ਪਰ ਮੰਤਰੀ ਦੀਆਂ ਗੱਡੀਆਂ ਅੱਜ ਐਸਐਸਪੀ ਵਾਲ਼ੇ ਗੇਟ ਰਾਹੀਂ ਆਈਆਂ ਸਨ ਤੇ ਉਸੇ ਗੇਟ ਰਾਹੀਂ ਹੀ ਉਹ ਵਾਪਸ ਵੀ ਪਰਤ ਗਏ। ਇਸ ਤਰ੍ਹਾਂ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਜਿਵੇਂ ਮੰਤਰੀ ਦੇ ਇੱਥੇ ਆਉਣ ਦਾ ਪਤਾ ਨਾ ਲੱਗ ਸਕਿਆ, ਉਵੇਂ ਹੀ ਉਨ੍ਹਾਂ ਦੇ ਜਾਣ ਬਾਰੇ ਵੀ ਬਾਅਦ ’ਚ ਪਤਾ ਲੱਗਿਆ।
ਇਸ ਤਰ੍ਹਾਂ ਅੱਜ ਦੀ ਮੀਟਿੰਗ ਵਿੱਚ ਮੰਤਰੀ ਦੀਆਂ ਗੱਡੀਆਂ ਦਾ ਕਾਫਲਾ ਭਾਵੇਂ ਪੁਲੀਸ ਕੰਪਲੈਕਸ ਵਾਲੇ ਗੇਟ ਰਾਹੀਂ ਆਇਆ ਅਤੇ ਗਿਆ ਪਰ ਇਹ ਹਕੀਕਤ ਹੈ ਕਿ ਮੰਤਰੀ ਦੀਆਂ ਗੱਡੀਆਂ ਦੇ ਕਾਫਲੇ ਲਈ ਇਹ ਬਦਲਵਾਂ ਰਾਹ ਇਨ੍ਹਾਂ ਦਲਿਤ ਪਰਿਵਾਰਾਂ ਦੇ ਇਸ ਧਰਨੇ ਕਾਰਨ ਹੀ ਚੁਣਨਾ ਪਿਆ। ਇੱਥੇ ਅੱਜ ਭੁੱਖ ਹੜਤਾਲ ’ਚ ਅਮਨਦੀਪ ਕੌਰ, ਰਿੰਕੂ , ਸਤਨਾਮ ਸਿੰਘ ਅਤੇ ਕਰਨ ਸਿੰਘ ਬੈਠੇ। ਇਸ ਮੌਕੇ ਡਾ ਧਰਮਪਾਲ ਨੂਰਖੇੜੀਆਂ, ਗੁਰਪ੍ਰੀਤ ਛੰਨਾ, ਸ੍ਰੀਨਾਥ, ਕਸ਼ਮੀਰ ਬਿੱਲਾ, ਅਮਨਦੀਪ ਕੌਰ ਅਤੇ ਰਾਮ ਚੰਦ ਬਖਸ਼ੀਵਾਲ ਨੇ ਸੰਬੋਧਨ ਕੀਤਾ।