ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ
ਇਥੇ ਜਾਖਲ ਰੋਡ ’ਤੇ ਨੀਲੋਵਾਲ ਪੁਲ ਨੇੜੇ ਇੱਕ ਮਿਨੀ ਬੱਸ ਪਲਟ ਗਈ, ਜਿਸ ਕਾਰਨ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਨਿਜੀ ਕੰਪਨੀ ਦੀ ਬੱਸ ਲਹਿਰਾਗਾਗਾ ਤੋਂ ਸੁਨਾਮ ਆ ਰਹੀ ਸੀ ਕਿ ਸਵੇਰੇ 10.30 ਵਜੇ ਦੇ ਕਰੀਬ ਜਿਵੇਂ ਹੀ ਬੱਸ ਨੀਲੋਵਾਲ ਪੁਲ ਨੇੜੇ ਪੁੱਜੀ ਤਾਂ ਅਚਾਨਕ ਪਲਟ ਗਈ।
ਸਵਾਰੀਆਂ ਦਾ ਰੌਲਾ ਸੁਣ ਕੇ ਸਥਾਨਕ ਲੋਕ ਅਤੇ ਰਾਹਗੀਰ ਇਕੱਠੇ ਹੋ ਗਏ। ਉਨ੍ਹਾਂ ਨੇ ਸਵਾਰੀਆਂ ਨੂੰ ਬੱਸ ਵਿਚੋਂ ਕੱਢਿਆ। ਹਾਦਸੇ ਵਿਚ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋਈਆਂ ਹਨ, ਛੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੈਂਸੀ ਸਿੰਘ ਪਿੰਡ ਚੋਟੀਆਂ, ਮਾਇਆ ਕੌਰ ਛਾਜਲੀ, ਪੁਨੀਤ ਲਹਿਰਾ ਅਤੇ 12 ਵਰ੍ਹਿਆਂ ਦੀ ਬੱਚੀ ਲਵਪ੍ਰੀਤ ਕੌਰ ਨੂੰ ਸਿਵਲ ਹਸਪਤਾਲ ਸੁਨਾਮ ਜਦੋਂ ਕਿ ਮੇਵਾ ਸਿੰਘ ਸੰਗਤਪੁਰਾ, ਹਰਦੇਵ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਛਾਜਲੀ, ਮਨਜੀਤ ਕੌਰ ਛਾਜਲੀ, ਲੀਲਾ ਸਿੰਘ ਗੋਬਿੰਦਗੜ੍ਹ, ਸ਼ਿੰਦਰ ਕੌਰ ਮੰਡੇਰ, ਗੁਰਦੇਵ ਕੌਰ ਛਾਜਲੀ ਆਦਿ ਨੂੰ ਸ਼ਹਿਰ ਦੇ ਵੱਖ ਵੱਖ ਨਿਜੀ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦਾ ਪਤਾ ਚੱਲਦੇ ਹੀ ਪੁਲੀਸ ਮੌਕੇ ’ਤੇ ਪੁੱਜੀ ਤੇ ਹਾਲਾਤ ਦਾ ਜਾਇਜ਼ਾ ਲਿਆ। ਪੁਲੀਸ ਥਾਣਾ ਛਾਜਲੀ ਦੇ ਮੁਖੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਬੱਸ ਪਲਟਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਜਾਪਦਾ ਹੈ ਕਿ ਹਾਦਸਾ ਡਰਾਈਵਰ ਦਾ ਬੱਸ ’ਤੋਂ ਸੰਤੁਲਨ ਵਿਗੜਨ ਕਾਰਨ ਵਾਪਰਿਆ ਹੈ।