ਨਿੱਜੀ ਪੱਤਰ ਪ੍ਰੇਰਕ
ਨਾਭਾ, 18 ਜਨਵਰੀ
ਇੱਥੇ ਬੀਡੀਪੀਓ ਦਫ਼ਤਰ ਵਿਚ ਚੱਲ ਰਹੇ ਮਨਰੇਗਾ ਵਰਕਰਾਂ ਦੇ ਪੱਕੇ ਧਰਨੇ ’ਚ ਅੱਜ ਭੋੜੇ ਪਿੰਡ ਦੇ ਮਜ਼ਦੂਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। 100 ਦਿਨ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤੇ ਦੇ ਕਾਨੂੰਨੀ ਹੱਕ ਤੋਂ ਵਿਰਵੇ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਰਵਾਇਤੀ ਪਾਰਟੀ ਤੋਂ ਬਹੁਤੀ ਉਮੀਦ ਨਹੀਂ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਅਕਾਲੀ-ਭਾਜਪਾ ਸਰਕਾਰ ਜਾਂ ਕੈਪਟਨ ਤੇ ਚੰਨੀ ਦੀ ਅਗਵਾਈ ਵਾਲੀ ਕਿਸੇ ਸਰਕਾਰ ਨੇ ਉਨ੍ਹਾਂ ਦਾ ਕਾਨੂੰਨੀ ਹੱਕ ਨਹੀਂ ਦਿੱਤਾ, ਉੱਥੇ ‘ਆਪ’ ਵੀ ਵੱਡੀ ਗਿਣਤੀ ਆਬਾਦੀ ਦੇ ਹੱਕਾਂ ਦੇ ਮਾਮਲੇ ਵਿਚ ਚੁੱਪ ਰਹੀ।
ਡੈਮੋਕਰੈਟਿਕ ਮਨਰੇਗਾ ਫ਼ਰੰਟ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਕੇਵਲ 12,419 ਪਰਿਵਾਰਾਂ ਨੂੰ ਸੌ ਦਿਨ ਦਾ ਰੁਜ਼ਗਾਰ ਦਿੱਤਾ ਗਿਆ ਹੈ।
ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਹਰ ਬਲਾਕ ਵਿੱਚ 15 ਤੋਂ 25 ਮਨਰੇਗਾ ਹਜ਼ਾਰ ਜੌਬ ਕਾਰਡ ਹੋਲਡਰ ਹਨ ਤੇ ਹਰ ਜੌਬ ਕਾਰਡ ਤੇ 2 ਜਾਂ 3 ਵੋਟਰ ਹਨ। ਇਸ ਵੱਡੀ ਗਿਣਤੀ ਦੇ ਬਾਵਜੂਦ ਮਨਰੇਗਾ ਪ੍ਰਤੀ ਸਾਰੀਆਂ ਪਾਰਟੀਆਂ ਨੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ।
ਉਨ੍ਹਾਂ ਦੱਸਿਆ ਕਿ ਅੱਜ ਨਾਭਾ ਪ੍ਰਸ਼ਾਸਨ ਵੱਲੋ ਲੋਕਾਂ ਦੇ ਇਸ ਅਧਿਕਾਰ ਨੂੰ ਕਾਨੂੰਨ ਅਨੁਸਾਰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਕਾਰਨ ਧਰਨਾ ਤਾਂ ਮੁਲਤਵੀ ਕਰ ਰਹੇ ਹਨ ਪਰ ਜੇ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਨ ਆਪਣੇ ਵਾਅਦੇ ’ਤੇ ਨਾ ਖ਼ਰਾ ਉਤਰਿਆ ਤਾਂ 26 ਜਨਵਰੀ ਨੂੰ ਉਹ ਵੱਡੀ ਗਿਣਤੀ ਵਿਚ ਪ੍ਰਸ਼ਾਸਨ ਨੂੰ ਸਵਾਲ ਕਰਨ ਪਹੁੰਚਣਗੇ।
ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਉਹ ਪਿੰਡ-ਪਿੰਡ ਮੀਟਿੰਗਾਂ ਕਰ ਕੇ ਚੋਣਾਂ ਸਬੰਧੀ ਕੁਝ ਅਹਿਮ ਫ਼ੈਸਲੇ ਕਰਨਗੇ।