ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 19 ਮਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਕਾਦਮਿਕ ਕੌਂਸਲ ਦੀ ਇਕੱਤਰਤਾ ਅੱਜ ਇੱਥੇ ਆਨਲਾਈਨ ਵਿਧੀ ਰਾਹੀਂ ਕਰਵਾਈ ਗਈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਅਕਾਦਮਿਕ ਫੈਸਲਿਆਂ ਅਤੇ ਵਿਦਿਆਰਥੀਆਂ ਦੀ ਅਕਾਦਮਿਕ ਅਗਵਾਈ ਲਈ ਯੂਨੀਵਰਸਿਟੀ ਦੇ ਸੁਚਾਰੂ ਅਕਾਦਮਿਕ ਪ੍ਰਬੰਧਨ ਹਿਤ ਅਕਾਦਮਿਕ ਕੌਂਸਲ ਅਹਿਮ ਸਥਾਨ ਰੱਖਦੀ ਹੈ। ਪ੍ਰੋਫੈਸਰ ਅਰਵਿੰਦ ਵੱਲੋਂ ਯੂਨੀਵਰਸਿਟੀ ਦੇ ਉਪਕੁਲਪਤੀ ਵਜੋਂ ਅਹੁਦਾ ਸੰਭਾਲਣ ਉਪਰੰਤ ਅਕਾਦਮਿਕ ਕੌਂਸਲ ਦੀ ਇਸ ਪਹਿਲੀ ਇਕੱਤਰਤਾ ਦੌਰਾਨ ਅਕਾਦਮਿਕ ਕੌਂਸਲ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਰਵਾਇਤੀ ਤੌਰ ’ਤੇ ਸਵਾਗਤ ਕੀਤਾ ਗਿਆ। ਅਕਾਦਮਿਕ ਕੌਂਸਲ ਵੱਲੋਂ ਯੂਨੀਵਰਸਿਟੀ ਦੇ ਨਵੇਂ ਡੀਨ ਅਕਾਦਮਿਕ ਮਾਮਲੇ ਡਾ. ਬਲਬੀਰ ਸਿੰਘ ਸੰਧੂ ਦਾ ਵੀ ਸਵਾਗਤ ਕੀਤਾ ਗਿਆ।
ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਨਵੇਂ ਸਮਿਆਂ ਦੀ ਹਾਣੀ ਬਣਾਉਣ ਹਿਤ ਨਵੇਂ ਅਕਾਦਮਿਕ ਰੁਝਾਨਾਂ ਤਹਿਤ ਜਲਦੀ ਹੀ ਨਵੇਂ ਕੋਰਸ ਉਲੀਕਣ ਸਬੰਧੀ ਵਿਆਪਕ ਯੋਜਨਾ ਬਣਾਈ ਜਾਵੇਗੀ ਤੇ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਰਜਿਸਟਰਾਰ ਡਾ. ਵਰਿੰਦਰ ਕੌਸ਼ਿਕ ਵੱਲੋਂ ਅਕਾਦਮਿਕ ਕੌਂਸਲ ਦੀ ਇਸ ਮੀਟਿੰਗ ਵਿਚਲੇ ਏਜੰਡੇ ਦੀਆਂ ਵੱਖ-ਵੱਖ ਮੱਦਾਂ ਨੂੰ ਕੌਂਸਲ ਮੈਂਬਰਾਂ ਅੱਗੇ ਪ੍ਰਸਤੁਤ ਕਰਨ ਉਪਰੰਤ ਪ੍ਰਵਾਨਿਤ ਕੀਤਾ ਗਿਆ। ਇਹ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਗਰਾਂਟ ਵਿੱਚ ਦੇਰੀ ਕਾਰਨ ਵਿਤੀ ਕਾਰਜਾਂ ਵਿੱਚ ਖੜੌਤ ਆਈ ਹੋਈ ਹੈ।