ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 3 ਜੂਨ
ਪੰਜਾਬ ਦੀ ਮੌਜੂਦਾ ਸਥਿਤੀ ਅਤੇ ਘੱਲੂਘਾਰਾ ਹਫਤੇ ਦੇ ਸਬੰਧ ’ਚ ਪੰਜਾਬ ਵਿੱਚ ਪੁਲੀਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਥਾਂ ਥਾਂ ਪੁਲੀਸ ਨੇ ਨਾਕਾਬੰਦੀ ਅਤੇ ਗਸ਼ਤ ਤੇਜ਼ ਕੀਤੀ ਹੋਈ ਹੈ। ਇਸ ਦੌਰਾਨ ਥਾਣਾ ਸਦਰ, ਥਾਣਾ ਜੁਲਕਾਂ ਅਧੀਨ ਇਲਾਕੇ ਵਿੱਚ ਪੁਲੀਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹਨ ਅਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਡੀ.ਐਸ.ਪੀ. ਦਿਹਾਤੀ ਪਟਿਆਲਾ ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪੰਜਾਬ ਵਿੱਚ ਮਨਾਏ ਜਾ ਰਹੇ ਘੱਲੂਘਾਰਾ ਹਫਤੇ ਅਤੇ ਗੈਂਗਸਟਰਾਂ ਦੀ ਗਤੀਵਿਧੀਆਂ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਪੁਲੀਸ ਦੀ ਮੀਟਿੰਗ ਹੋਈ ਜਿਸ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਸਾਂਝੀ ਨਾਕਾਬੰਦੀ ਕਰਕੇ ਤਲਾਸ਼ੀ ਲੈਣ ਅਤੇ ਬਾਰਡਰ ਦੇ ਆਸ ਪਾਸ ਡੇਰਿਆਂ ਦੀ ਤਲਾਸ਼ੀ ਲੈਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਡਾ. ਆਸ਼ੂ ਜੈਨ ਐਸ.ਐਸ.ਪੀ. ਕੁਰੂਕਸ਼ੇਤਰ, ਗੁਰਮੇਲ ਸਿੰਘ ਡੀ.ਐਸ.ਪੀ. ਪਿਹੋਵਾ, ਡੀ.ਐਸ.ਪੀ. ਦਿਹਾਤੀ ਪਟਿਆਲਾ ਸੁਖਮਿੰਦਰ ਸਿੰਘ ਚੌਹਾਨ ਆਦਿ ਹਾਜ਼ਰ ਸਨ।