ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੂਨ
ਕਿਸਾਨ ਜਥੇਬੰਦੀਆਂ ਵੱਲੋਂ 6 ਤੋਂ 10 ਜੂਨ ਤੱਕ ਪਾਣੀਆਂ ਦੇ ਮਸਲਿਆਂ, ਵਿਸ਼ਵ ਵਪਾਰ ਬੈਂਕ ਦੀ ਲੋਕ ਮਾਰੂ ਨੀਤੀਆਂ ਤੇ ਝੋਨੇ ਤੋਂ ਬਿਨਾਂ ਸਾਉਣੀ ਦੀਆਂ ਹੋਰ ਫ਼ਸਲਾਂ ’ਤੇ ਐੱਮਐੱਸਪੀ ਯਕੀਨੀ ਬਣਾਉਣ ਲਈ ਪੰਜਾਬ ਭਰ ’ਚ ਲਾਏ ਜਾਣ ਵਾਲੇ ਮੋਰਚਿਆਂ ਦੀ ਵਿਉਂਤਬੰਦੀ ਸਬੰਧੀ ਸਰਗਰਮੀਆਂ ਸਿਖਰਾਂ ’ਤੇ ਹਨ। ਇਸ ਸਬੰਧ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਇੱਥੇ ਰਾਜਪੁਰਾ ਰੋਡ ’ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਵੀ ਇਨ੍ਹਾਂ ਮੋਰਚਿਆਂ ਦੀ ਵਿਉਂਤਬੰਦੀ ਲਈ ਅਹਿਮ ਮੀਟਿੰਗ ਕੀਤੀ ਗਈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠਲੀ ਇਸ ਮੀਟਿੰਗ ’ਚ ਯੂਨੀਅਨ ਦੇ ਤਿੰਨ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ’ਚ ਪਟਿਆਲਾ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਮੁਹਾਲੀ ਸ਼ਾਮਲ ਹਨ।
ਮੀਟਿੰਗ ਦੀ ਅਗਵਾਈ ਕਰਦਿਆਂ ਮਨਜੀਤ ਨਿਆਲ ਨੇ ਇਨ੍ਹਾਂ ਮੋਰਚਿਆਂ ਵਿੱਚ ਮਜ਼ਦੂਰ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਦੇ ਉਲੀਕੇ ਪ੍ਰੋਗਰਾਮ ਸਬੰਧੀ ਵੀ ਜਾਣੂ ਕਰਵਾਇਆ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸਕੱਤਰ ਜਸਵੰਤ ਸਿੰਘ ਸਦਰਪੁਰ ਵੱਲੋਂ ਪ੍ਰੋਗਰਾਮ ਦੀ ਵਿਆਖਿਆ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਖਜ਼ਾਨਚੀ ਜਸਵਿੰਦਰ ਸਿੰਘ ਬਰਾਸ ਵੱਲੋਂ ਜਥੇਬੰਦੀ ਦੀ ਨੀਤੀ ਮੁਤਾਬਕ ਫੰਡ ਇਕੱਠਾ ਕਰਨ, ਵਾਜਬ ਤਰੀਕੇ ਨਾਲ ਖਰਚ ਕਰਨ ਤੇ ਰਿਕਾਰਡ ਰੱਖਣ ’ਤੇ ਜਵਾਬਦੇਹੀ ਰੱਖਣ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਮੀਟਿੰਗ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਸਰਬਜੀਤ ਸਿੰਘ ਸਲੇਮਪੁਰ, ਮੁਹਾਲੀ ਤੋਂ ਲਖਵਿੰਦਰ ਸਿੰਘ ਹੈਪੀ ਮਲਕਪੁਰ, ਗੁਰਦੇਵ ਸਿੰਘ ਗੱਜੂਮਾਜਰਾ ਤੇ ਬਲਰਾਜ ਜੋਸ਼ੀ ਕਿਸਾਨ ਆਗੂ ਸ਼ਾਮਲ ਹੋਏ।
ਭਰਾਤਰੀ ਜਥੇਬੰਦੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਤੋਂ ਜੀਤ ਸਿੰਘ ਬਠੋਈ ਤੇ ਗੁਰਵਿੰਦਰ ਸਿੰਘ ਪੰਜੋਲੀ, ਤਲਵਿੰਦਰ ਸਿੰਘ ਖਰੌੜ, ਡੈਮੋਕਰੇਟਿਕ ਟੀਚਰਜ਼ ਫਰੰਟ ਤੋਂ ਗਗਨ ਰਾਣੂ ਆਦਿ ਅਧਿਆਪਕ ਆਗੂ ਵੀ ਸ਼ਾਮਲ ਹੋਏ।