ਖੇਤਰੀ ਪ੍ਰਤੀਨਿਧ
ਪਟਿਆਲਾ, 3 ਮਈ
‘ਮੀਡੀਆ ਵੱਲੋਂ ਸਮਾਜ ਵਿੱਚ ਨਿਭਾਈ ਜਾ ਰਹੀ ਜ਼ਿੰਮੇਵਾਰੀ ਬਹੁਤ ਅਹਿਮੀਅਤ ਰੱਖਦੀ ਹੈ ਤੇ ਪੱਤਰਕਾਰਾਂ ਨੂੰ ਆਪਣੀਆਂ ਖਬਰਾਂ ਲਿਖਣ ਸਮੇਂ ਕਿਸੇ ਵੀ ਮਾਮਲੇ ਦੇ ਸਾਰੇ ਪਹਿਲੂਆਂ ਦਾ ਧਿਆਨ ਰੱਖਣਾ ਚਾਹੀਦਾ ਹੈ।’ ਇਹ ਗੱਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ‘ਪਟਿਆਲਾ ਮੀਡੀਆ ਕਲੱਬ’ ਵੱਲੋਂ ਪ੍ਰਧਾਨ ਨਵਦੀਪ ਢੀਂਗਰਾ ਦੀ ਅਗਵਾਈ ਹੇਠ ‘ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ’ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਜਦੋਂ ਵੀ ਕੋਈ ਵਰਤਾਰਾ ਵਾਪਰਦਾ ਹੈ, ਤਾਂ ਇਸ ਦੀ ਖਬਰ ਮੀਡੀਆ ਵੱਲੋਂ ਕਿਸ ਤਰੀਕੇ ਨਾਲ਼ ਨਸ਼ਰ ਕੀਤੀ ਜਾਂਦੀ ਹੈ, ਇਹ ਗੱਲ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹ ਇਹ ਵੀ ਕਿਹਾ ਕਿ ਮੀਡੀਆ ਨੂੰ ਕਿਸੇ ਵੀ ਧੱਕੇਸ਼ਾਹੀ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ। ਲੋਕ ਸੰਪਰਕ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਅਜੀਤਕੰਵਲ ਸਿੰਘ ਹਮਦਰਦ ਨੇ ਕਿਹਾ ਕਿ ਪੱਤਰਕਾਰਾਂ ਲਈ ਖਬਰ ਲਿਖਣ ਸਮੇਂ ਭਾਵਨਾਵਾਂ ਦੇ ਵਹਿਣ ਵਿੱਚ ਨਹੀਂ ਵਹਿਣਾ ਚਾਹੀਦਾ, ਸਗੋਂ ਬਹੁਤ ਸੂਖਮਤਾ ਨਾਲ ਵਿਚਾਰ ਮਗਰੋਂ ਹੀ ਆਪਣਾ ਕੰਮ ਕਰਨਾ ਚਾਹੀਦਾ ਹੈ। ਡਿਪਟੀ ਡਾਇਰੈਕਟਰ ਇਸ਼ਿਵੰਦਰ ਗਰੇਵਾਲ ਨੇ ਵੀ ਮੀਡੀਆ ਦੀ ਸਮਾਜ ਵਿਚ ਭੂਮਿਕਾ ’ਤੇ ਚਰਚਾ ਕੀਤੀ। ਕਲੱਬ ਦੇ ਸਕੱਤਰ ਜਨਰਲ ਰਾਣਾ ਰਣਧੀਰ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਖਜ਼ਾਨਚੀ ਖੁਸ਼ਵੀਰ ਤੂਰ ਨੇ ਕਲੱਬ ਦੀਆਂ ਗਤੀਵਿਧੀਆਂ ਦੱਸੀਆਂ। ਸੀਨੀਅਰ ਪੱਤਰਕਾਰ ਗਗਨਦੀਪ ਆਹੂਜਾ ਅਤੇ ਨਾਭਾ ਪਾਵਰ ਲਿਮਟਿਡ ਦੇ ਡਾਇਰੈਕਟਰ ਮਨੀਸ਼ ਸਰਹਿੰਦੀ ਨੇ ਵੀ ਵਿਸ਼ੇ ਬਾਰੇ ਚਰਚਾ ਕੀਤੀ। ਮੀਤ ਪ੍ਰਧਾਨ ਕਰਮ ਪ੍ਰਕਾਸ਼ ਨੇ ‘ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ’ ਦਾ ਇਤਿਹਾਸ ਦੱਸਿਆ। ਪ੍ਰਧਾਨ ਨਵਦੀਪ ਢੀਂਗਰਾ ਨੇ ਧੰਨਵਾਦ ਤੇ ਮੰਚ ਸੰਚਾਲਨ ਕਲੱਬ ਦੇ ਚੇਅਰਮੈਨ ਸਰਬਜੀਤ ਸਿੰਘ ਭੰਗੂ (ਸਾਬਕਾ ਪ੍ਰਧਾਨ) ਨੇ ਕੀਤਾ। ਡਿਪਟੀ ਕਮਿਸ਼ਨਰ ਤੇ ਹੋਰਨਾਂ ਦਾ ਸਨਮਾਨ ਵੀ ਕੀਤਾ। ਵਣ ਬੀਟ ਅਫਸਰ ਅਮਨ ਅਰੋੜਾ ਨੇ ਗੁਲਮੋਹਰ ਦਾ ਬੂਟਾ ਲਗਾਇਆ। ਏਪੀਆਰਓ ਹਰਦੀਪ ਗਹੀਰ ਤੇ ਜਸਤਰਨ ਗਰੇਵਾਲ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਗੁਰਪ੍ਰੀਤ ਚੱਠਾ ਸਮੇਤ ਪਰਮੀਤ ਸਿੰਘ, ਕੁਲਵੀਰ ਧਾਲੀਵਾਲ, ਹਰਜੀਤ ਨਿੱਜਰ, ਜਤਿੰਦਰ ਗਰੋਵਰ, ਹਰਮੀਤ ਸੋਢੀ, ਅਸ਼ੋਕ ਅੱਤਰੀ, ਅਰਵਿੰਦ ਸ੍ਰੀਵਾਸਤਵ, ਯੋਗੇਸ਼ ਧੀਰ, ਗੁਰਵਿੰਦਰ ਔਲਖ, ਪਰਮਜੀਤ ਪਰਵਾਨਾ, ਗੁਲਸ਼ਨ ਕੁਮਾਰ, ਹਰਿੰਦਰ ਸ਼ਾਰਦਾ ਆਦਿ ਮੌਜੂਦ ਸਨ।