ਸਰਬਜੀਤ ਸਿੰਘ ਭੰਗੂ
ਪਟਿਆਲਾ , 14 ਦਸੰੰਬਰ
ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਵੱਲੋਂ ਆਈਬੀ ਕੰਪਲੈਕਸ ਵਿੱਚ ਐਕਸੀਅਨ ਲਹਿਲ ਮੰਡਲ ਖਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਅੱਜ ਕੜਾਕੇ ਦੀ ਠੰਢ ਵਿੱਚ ਵੱਖ-ਵੱਖ ਬਰਾਚਾਂ ਤੋਂ ਆਪਣੇ ਬੈਨਰਾਂ ਤੇ ਮਾਟੋਆਂ ਨਾਲ ਲੈਸ ਹੋ ਕੇ ਆਏ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਸਵੀਰ ਸਿੰਘ ਖੋਖਰ, ਰਛਪਾਲ ਦਿਆਲਪੁਰਾ ਤੇ ਕਰਮ ਸਿੰਘ ਰੋਹਟੀ ਦੀ ਅਗਵਾਈ ਹੇਠ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ, ਜਨਰਲ ਸਕੱਤਰ ਛੱਜੂ ਰਾਮ, ਲਖਵਿੰਦਰ ਖਾਨਪੁਰ, ਬਲਵਿੰਦਰ ਮੰਡੋਲੀ, ਮੇਜਰ ਸਿੰਘ ਰੋਹਟੀ, ਹਰਦੇਵ ਸਮਾਣਾ ਅਤੇ ਰਾਮ ਪਾਲ ਨੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਲਹਿਲ ਮੰਡਲ ਆਈ.ਬੀ. ਪਟਿਆਲਾ ਨਾਲ 23 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ। ਇਨ੍ਹਾਂ ਮੰਗਾਂ ਵਿੱਚ ਮੁਲਾਜ਼ਮਾਂ ਦੇ ਜੀ.ਪੀ.ਫੰਡ, ਮੈਡੀਕਲ ਬਿੱਲਾਂ ਦੀ ਅਦਾਇਗੀ, ਰਿਟਾਇਰਮੈਟ ਅਤੇ ਫੌਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਬਕਾਏ ਦਿਵਾਉਣੇ, ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸਮੇਤ ਹੋਰ ਮੰਗਾਂ ਸ਼ਾਮਲ ਹਨ। ਇਸ ਮੌਕੇ ਕੁਲਦੀਪ ਸਿੰਘ, ਲਖਵਿੰਦਰ ਪਟਿਆਲਾ, ਇਕਬਾਲ ਸਿੰਘ, ਰਣਧੀਰ ਸਿੰਘ, ਰਜਿੰਦਰ ਧਾਲੀਵਾਲ, ਹਰੀ ਰਾਮ ਨਿੱਕਾ, ਵਿਪਿਨ ਪ੍ਰਸਾਦ, ਭਜਨ ਸਿੰਘ ਤੇ ਗੁਰਮੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੇ-ਕਮਿਸ਼ਨ ਦੀ ਰਿਪੋਰਟ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ, ਕੱਚੇ ਕਾਮੇ ਪੱਕੇ ਕੀਤੇ ਜਾਣ, ਰੈਗੂਲਰ ਭਰਤੀ ਸ਼ੁਰੂ ਕੀਤੀ ਜਾਵੇ, ਮਹਿਕਮਿਆਂ ਪੁਨਰਗਠਨ ਕਰਨਾ ਬੰਦ ਕੀਤਾ ਜਾਵੇ ਤੇ ਪੁਨਰਗਠਨ ਦੇ ਨਾਂ ਕੱਟੀਆਂ ਪੋਸਟਾਂ ਬਹਾਲ ਕੀਤੀਆਂ ਜਾਣ।