ਸਰਬਜੀਤ ਸਿੰਘ ਭੰਗੂ/ਗੁਰਪ੍ਰੀਤ ਸਿੰਘ
ਪਟਿਆਲਾ/ਘਨੌਰ, 6 ਜਨਵਰੀ
ਲੇਹ ਲਦਾਖ ਨਿਮੋ ਵਿੱਚ ਭਾਰਤੀ ਫ਼ੌਜ ਦੀ 3 ਆਰਟਲਰੀ ਮੀਡੀਅਮ ਯੂਨਿਟ ਵਿੱਚ ਗੰਨਰ ਇੰਸਟ੍ਰਕਟਰ (ਏ.ਆਈ.ਜੀ.) ਵਜੋਂ ਤਾਇਨਾਤੀ ਸਮੇਂ ਗਲਵਾਨ ਘਾਟੀ ਵਿੱਚ ਚੀਨ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ 15 ਜੂਨ ਦੀ ਰਾਤ ਨੂੰ ਸ਼ਹਾਦਤ ਦਾ ਜਾਮ ਪੀਣ ਵਾਲ਼ੇ ਪਿੰਡ ਸੀਲ ਦੇ ਵਾਸੀ ਨਾਇਬ ਸੂਬੇਦਾਰ ਮਨਦੀਪ ਸਿੰਘ ਖਰੌੜ ਦੀ ਪਤਨੀ ਗੁਰਦੀਪ ਕੌਰ ਨੂੰ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ’ਚ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਦੀ ਨੌਕਰੀ ਦਿੱਤੀ ਹੈ। ਇਸ ਸਬੰਧੀ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਸਰਕਾਰ ਨਾਲ਼ ਨਿਰੰਤਰ ਰਾਬਤਾ ਰੱਖਣ ਸਮੇਤ ਸ਼ਹੀਦ ਦੇ ਪਰਿਵਾਰ ਦੀ ਕਈ ਹੋਰ ਪਧੱਖਾਂ ਤੋਂ ਵੀ ਮਦਦ ਕਰਦੇ ਆ ਰਹੇ ਹਨ।
ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਵਿਧਾਇਕ ਮਦਨ ਜਲਾਲਪੁਰ ਨੇ ਇਸ ਸਬੰਧੀ ਅੱਜ ਗੁਰਦੀਪ ਕੌਰ ਨੂੰ ਘਰ ਜਾ ਕੇ ਨਿਯੁਕਤੀ ਪੱਤਰ ਸੌਂਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਮਨਦੀਪ ਸਿੰਘ ਨੇ ਬਲੀਦਾਨ ਦੇ ਕੇ ਪਿੰਡ ਸੀਲ ਦਾ ਹੀ ਨਹੀਂ, ਬਲਕਿ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਹੈ।