ਜਗਮੋਹਨ ਸਿੰਘ
ਘਨੌਲੀ, 1 ਦਸੰਬਰ
ਪਿੰਡ ਬੇਗਮਪੁਰਾ ਦੀ ਪੰਚਾਇਤ ਵੱਲੋਂ ਭਾਰੀ ਤਣਾਅ ਭਰੇ ਮਾਹੌਲ ਅੰਦਰ ਸ਼ਾਮਲਾਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ। ਕਾਨੂੰਨਗੋ ਗੁਰਦੀਪ ਸਿੰਘ ਅਤੇ ਪਟਵਾਰੀ ਰਾਮ ਲਾਲ ਦੁਆਰਾ ਪਿੰਡ ਬੇਗਮਪੁਰਾ ਦੇ ਸਰਪੰਚ ਗੁਰਚਰਨ ਸਿੰਘ ਵਿੱਕੀ, ਪੰਚ ਸੁਰਮੁੱਖ ਸਿੰਘ, ਰਣਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਦੁਪਹਿਰ ਵੇਲੇ ਨਿਸ਼ਾਨਦੇਹੀ ਦਾ ਕੰਮ ਆਰੰਭ ਕੀਤਾ ਗਿਆ, ਜੋ ਬਾਅਦ ਦੁਪਹਿਰ ਤੱਕ ਜਾਰੀ ਰਿਹਾ।
ਇਸ ਮੌਕੇ ਮੌਜੂਦ ਜ਼ਮੀਨ ਦੇ ਕਾਬਜ਼ਕਾਰਾਂ ਪਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਮੱਘਰ ਸਿੰਘ, ਦਿਦਾਰ ਸਿੰਘ, ਚਰਨ ਸਿੰਘ, ਗੁਰਚਰਨ ਸਿੰਘ ਤੇ ਦੀਪ ਸਿੰਘ ਵਗੈਰਾ ਨੇ ਇਹ ਇਤਰਾਜ਼ ਜ਼ਾਹਿਰ ਕਰਦੇ ਹੋਏ ਨਿਸ਼ਾਨਦੇਹੀ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇੱਕ ਤਾਂ ਇਹ ਜ਼ਮੀਨ ਜ਼ੁਮਲਾ ਮੁਸਤਰਕਾ ਮਾਲਕਾਨ ਜ਼ਮੀਨ ਹੈ, ਜਿਹੜੀ ਕਿ ਕਿਸਾਨਾਂ ਦੀ ਬੱਚਤ ਹੋਣ ਕਰ ਕੇ ਇਸ ’ਤੇ ਘਨੌਲੀ ਪਿੰਡ ਦੇ ਕਿਸਾਨਾਂ ਦਾ ਹੀ ਹੱਕ ਬਣਦਾ ਹੈ ਅਤੇ ਉਹ ਕਈ ਪੀੜ੍ਹੀਆਂ ਤੋਂ ਇਸ ਜ਼ਮੀਨ ਨੂੰ ਵਾਹੁੰਦੇ ਬੀਜਦੇ ਆ ਰਹੇ ਹਨ। ਦੂਜਾ ਇਸ ਜ਼ਮੀਨ ਵਿੱਚ ਫਸਲ ਬੀਜੀ ਹੋਈ ਹੈ ਅਤੇ ਨਿਯਮਾਂ ਮੁਤਾਬਕ ਖੜੀ ਫਸਲ ਵਿੱਚ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ ਤੇ ਸਭ ਤੋਂ ਵੱਡੀ ਗੱਲ ਇਹ ਕਿ ਘਨੌਲੀ ਪਿੰਡ ਦੇ ਤਿੰਨ ਟੁਕੜੇ ਹੋ ਚੁੱਕੇ ਹਨ ਤੇ ਜ਼ਮੀਨ ਹਾਲੇ ਤੱਕ ਵੰਡੀ ਨਾ ਜਾਣ ਕਰ ਕੇ ਪੰਚਾਇਤੀ ਰਿਕਾਰਡ ਵਿੱਚ ਘਨੌਲੀ ਪਿੰਡ ਦੇ ਨਾਮ ਹੀ ਬੋਲਦੀ ਹੈ। ਬੇਗਮਪੁਰਾ ਪਿੰਡ ਦੇ ਕਾਂਗਰਸੀ ਸਰਪੰਚ ਉਨ੍ਹਾਂ ਨੂੰ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਹਨ। ਉਕਤ ਵਿਅਕਤੀਆਂ ਨੇ ਨਿਸ਼ਾਨਦੇਹੀ ਕਰਨ ਵਾਲੀ ਟੀਮ ਨੂੰ ਆਪਣੇ ਖੇਤਾਂ ਵਿੱਚ ਵੜਨ ਤੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਮੌਜੂਦ ਡਿਊਟੀ ਮੈਜਿਸਟਰੇਟ ਹਰਿੰਦਰਜੀਤ ਸਿੰਘ ਅਤੇ ਚੌਕੀ ਇੰਚਾਰਜ ਰਾਹੁਲ ਸ਼ਰਮਾ ਨੇ ਕਾਬਜ਼ਕਾਰਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕਰਦੇ ਹੋਏ ਨਿਸ਼ਾਨਦੇਹੀ ਦਾ ਕੰਮ ਮੁੜ ਚਾਲੂ ਕਰਵਾ ਦਿੱਤਾ ਤੇ ਮਾਲ ਮਹਿਕਮੇ ਦੀ ਟੀਮ ਨੇ ਜ਼ਮੀਨ ਦੀ ਮਿਣਤੀ ਕਰਕੇ ਨਿਸ਼ਾਨੀਆਂ ਲਗਵਾ ਦਿੱਤੀਆਂ।
ਕੋਈ ਧੱਕੇਸ਼ਾਹੀ ਨਹੀਂ ਕੀਤੀ: ਸਰਪੰਚ
ਸਰਪੰਚ ਗੁਰਚਰਨ ਸਿੰਘ ਵਿੱਕੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ, ਬਲਕਿ ਆਪਣੀ ਪੰਚਾਇਤ ਲਈ ਆਮਦਨ ਦੇ ਸਾਧਨ ਪੈਦਾ ਕਰਨ ਅਤੇ ਪਿੰਡ ਦੇ ਨੌਜਵਾਨਾਂ ਲਈ ਖੇਡ ਮੈਦਾਨ ਤਿਆਰ ਕਰਨ ਲਈ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੀਆਂ ਦਰਖਾਸਤਾਂ ਦੇ ਆਧਾਰ ’ਤੇ ਜ਼ਮੀਨ ਦੀ ਵੰਡ ਕਰਨ ਲਈ ਘਨੌਲੀ ਦੀ ਪੰਚਾਇਤ ਨੂੰ ਕਈ ਵਾਰ ਬੀਡੀਪੀਓ ਦਫ਼ਤਰ ਸੱਦਿਆ ਜਾ ਚੁੱਕਿਆ ਹੈ ਪਰ ਘਨੌਲੀ ਦੀ ਪੰਚਾਇਤ ਹਾਜ਼ਰ ਨਹੀਂ ਹੁੰਦੀ, ਜਿਸ ਕਰ ਕੇ ਉਹ ਆਪਣੇ ਪਿੰਡ ਦੇ ਨਾਲ ਲਗਦੀ ਜ਼ਮੀਨ ਨੂੰ ਨਾਜਾਇਜ਼ ਕਾਬਜ਼ਕਾਰਾਂ ਤੋਂ ਮੁਕਤ ਕਰਵਾ ਕੇ ਹੀ ਸਾਹ ਲੈਣਗੇ।