ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਜੁਲਾਈ
ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਨੇ ਅੱਜ ਇਥੇ ਪੰਜਾਬ ਸਰਕਾਰ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਮਾਰਚ ਕੀਤਾ। ਮੰਡਲ ਪ੍ਰਧਾਨ ਸਵਰਨ ਸਿੰਘ ਜਵੰਧਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾਨ-ਗਜ਼ਟਿਡ ਅਫ਼ਸਰਾਂ ਵੱਲ ਕਦੇ ਤਵੱਜੋ ਨਹੀਂ ਦਿੱਤੀ ਤੇ 6ਵੇਂ ਤਨਖਾਹ ਕਮਿਸ਼ਨ ਵਿੱਚ ਵੀ ਨਾਨ-ਗਜ਼ਟਿਡ ਅਫ਼ਸਰਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਸਗੋਂ ਉਲਟਾ ਘਾਟਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਵਣ ਮੰਡਲ ਪਟਿਆਲਾ ਅਤੇ ਜੰਗਲੀ ਜੀਵ ਮੰਡਲ, ਵਣ ਮੰਡਲ ਵਿਸਥਾਰ ਵੱਲੋਂ ਪੰਜਾਬ ਸਰਕਾਰ ਦੀਆਂ ਕਥਿਤ ਮੁਲਾਜ਼ਮ ਮਾਰੂ ਨੀਤੀਆਂ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਖ਼ਿਲਾਫ਼ ਅਤੇ ਵਣ ਮੰਡਲ ਦਫ਼ਤਰ ਪਟਿਆਲਾ, ਵਣ ਮੰਡਲ ਦਫ਼ਤਰ (ਜੰਗਲੀ ਜੀਵ) ਅਤੇ ਵਣ ਮੰਡਲ ਦਫ਼ਤਰ (ਵਿਸਥਾਰ) ਅੱਗੇ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਵਣ ਮੰਡਲ ਅਫ਼ਸਰਾਂ ਨੂੰ ਮੰਗ ਪੱਤਰ ਸੌਂਪੇ ਗਏ।
ਇਸ ਰੋਸ ਮੁਜ਼ਾਹਰੇ ਵਿੱਚ ਮੰਡਲ ਪ੍ਰਧਾਨ ਸਵਰਨ ਸਿੰਘ ਜਵੰਧਾ, ਸਕੱਤਰ ਅਮਰਿੰਦਰ ਸਿੰਘ, ਸੀਨੀਅਰ ਸਕੱਤਰ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਨਰਪਿੰਦਰ ਸਿੰਘ, ਖ਼ਜ਼ਾਨਚੀ ਵਿਕਰਮਜੀਤ ਸਿੰਘ, ਮੁਲਾਜ਼ਮ ਆਗੂ ਬਲਵਿੰਦਰ ਸਿੰਘ ਚਹਿਲ, ਅਮਰੀਕ ਸਿੰਘ ਚੌਹਾਨ, ਇਕਬਾਲ ਸਿੰਘ ਧੂਰੀ ਨੇ ਹਾਜ਼ਰੀ ਲਗਾਈ।
ਜੰਗਲਾਤ ਕਾਮਿਆਂ ਦਾ ਮੋਰਚਾ ਜਾਰੀ
ਨਾਭਾ (ਹਰਵਿੰਦਰ ਕੌਰ ਨੌਹਰਾ): ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਕੱਚੇ ਕਾਮੇ ਪੱਕੇ ਕਰਵਾਉਣ ਲਈ ਲਗਾਇਆ ਮੋਰਚਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਪੱਕੇ ਮੋਰਚੇ ਵਿੱਚ ਜ਼ਿਲ੍ਹਾ ਸੰਗਰੂਰ ਤੋਂ ਜਸਵਿੰਦਰ ਗਾਗਾ, ਜ਼ਿਲ੍ਹਾ ਮਾਨਸਾ ਤੋਂ ਸੰਤ ਨਰਾਇਣ ਦਾਸ, ਜਗਜੀਤ ਸਿੰਘ ਬੀਹਲਾ ਅਤੇ ਹਰਭਜਨ ਸਿੰਘ ਦੀ ਅਗਵਾਈ ਹੇਠ ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਵਰਕਰ ਸ਼ਾਮਲ ਹੋਏ। ਇਸ ਮੌਕੇ ਨੂੰ ਸੰਬੋਧਨ ਕਰਦਿਆਂ ਜੱਸਾ ਸਿੰਘ ਮਾਨਸਾ, ਗੱਗੂ ਸਿੰਘ ਮਾਨਸਾ, ਜਗਜੀਵਨ ਸਿੰਘ ਘਾਬਦਾਂ ਅਤੇ ਸਤਨਾਮ ਸੰਗਤੀਵਾਲਾ ਨੇ ਕਿਹਾ ਕਿ ਨੌਕਰੀਆਂ ਪੱਕੀਆਂ ਕਰਵਾਉਣ ਲਈ ਜੰਗਲਾਤ ਕਾਮਿਆਂ ਨੁੰ ਆਪਣੇ ਪਰਿਵਾਰਾਂ ਤੋਂ ਦੂਰ ਹੋ ਕੇ ਮੋਰਚੇ ਵਿੱਚ ਸ਼ਾਮਲ ਹੋਣਾ ਪੈ ਰਿਹਾ ਹੈ। ਜਗਪਾਲ ਬਰਨਾਲਾ, ਗੁਰਮੀਤ ਸਿੰਘ ਮਾਨਸਾ, ਲਾਭ ਮਾਨਸਾ ਅਤੇ ਹਰਬੰਤ ਲਹਿਰਾ ਨੇ ਕਿਹਾ ਕਿ ਜਿੱਥੇ ਸਰਕਾਰ ਨੇ ਸਾਡਾ ਰੁਜ਼ਗਾਰ ਪੱਕਾ ਨਹੀਂ ਕੀਤਾ, ਉਥੇ ਤਨਖਾਹਾਂ ਵੀ ਕਈ ਮਹੀਨਿਆਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ। ਭਰਾਤਰੀ ਜਥੇਬੰਦੀਆਂ ਦੇ ਆਗੂ ਬੰਤ ਭੋੜੇ, ਚਮਕੌਰ ਧਾਰੋਂਕੀ, ਰਾਜਿੰਦਰ ਧਾਲੀਵਾਲ ਅਤੇ ਕਰਮ ਸਿੰਘ ਨਾਭਾ ਵੀ ਮੋਰਚੇ ਵਿੱਚ ਪੁੱਜੇ।