ਸਰਬਜੀਤ ਸਿੰਘ ਭੰਗੂ
ਪਟਿਆਲਾ 29 ਜੁਲਾਈ
ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ’ਤੇ ਕੇਂਦਰ ਸਰਕਾਰ ਦੀ ਤਰਜ਼ ’ਤੇ ਤਨਖਾਹ ਦੇ ਲਾਗੂ ਕਰਨ ਅਤੇ ਹਾਲ ਹੀ ’ਚ ਮੁਲਾਜ਼ਮਾਂ ਦੇ ਮੋਬਾਈਲ ਭੱਤੇ ’ਚ ਕੱਟ ਲਾਉਣ ਸਮੇਤ ਹੋਰ ਮੁਲਾਜ਼ਮ ਵਿਰੋਧੀ ਮਾਮਲਿਆਂ ਨੂੰ ਲੈ ਕੇ ‘ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ’ ਨੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਚਹਿਲ ਦੀ ਅਗਵਾਈ ਹੇਠਾਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ। ਇੱਥੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਇਕੱਤਰ ਹੋਏ ਇਨ੍ਹਾਂ ਸਿਹਤ ਮੁਲਾਜ਼ਮਾਂ ਨੇ ਸਰਕਾਰ ਦਾ ਖੂਬ ਪਿੱਟ ਸਿਆਪਾ ਕੀਤਾ। ਜ਼ਿਲ੍ਹਾ ਪ੍ਰਧਾਨ ਹਰਿੰਦਰ ਚਹਿਲ, ਹਰਜੀਵਨ ਸਿੰਘ ਚਹਿਲ ਤੇ ਕੁਲਦੀਪ ਸਿੰਘ ਸਣੇ ਹੋਰ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਲਗਾਤਾਰ ਮੁਲਾਜ਼ਮ ਵਿਰੋਧੀ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਵੀਂ ਭਰਤੀ ’ਤੇ ਕੇਂਦਰੀ ਪੈਟਰਨ ਦੇ ਆਧਾਰ ’ਤੇ ਤਨਖਾਹ ਸਕੇਲ ਲਾਗੂ ਕਰਨ ਦਾ ਫੈਸਲਾ ਲਿਆ ਅਤੇ ਹੁਣ ਮੁਲਾਜ਼ਮਾਂ ਦੇ ਮੋਬਾਈਲ ਭੱਤੇ ’ਚ ਵੀ ਕਟੌਤੀ ਕਰ ਦਿੱਤੀ ਗਈ। ਹਰਜੀਵਨ ਚਹਿਲ, ਰਣਧੀਰ ਕੌਰ ਚਹਿਲ, ਵਿਨੋਦ ਕੁਮਾਰ, ਕੁਲਦੀਪ ਸਿੰਘ, ਸੁਖਬੀਰ ਦਾਸ, ਸਤਨਾਮ ਸਿੰਘ, ਦਲਜਿੰਦਰ ਸਿੰਘ, ਚਰਨਜੀਤ ਸਿੰਘ ਆਦਿ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਦਾ ਅਜਿਹਾ ਮੁਲਾਜ਼ਮ ਵਿਰੋਧੀ ਵਤੀਰਾ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹ ਫੈਸਲੇ ਤੁਰੰਤ ਵਾਪਸ ਲਵੇ।