ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਸਤੰਬਰ
ਬਲਾਕ ਪਾਤੜਾਂ ਅਧੀਨ ਆਉਂਦੀਆਂ ਦੋ ਦਰਜਨ ਤੋਂ ਵੱਧ ਪੰਚਾਇਤਾਂ ਵੱਲੋਂ ਮਤੇ ਪਾ ਕੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕੀਤਾ ਗਿਆ ਹੈ। ਇਨ੍ਹਾਂ ਪੰਚਾਇਤਾਂ ਵਿੱਚ ਹਰਿਆਉ ਖੁਰਦ, ਹਾਮਝੇੜ੍ਹੀ, ਗੰਗਾਨਗਰ, ਦੁਤਾਲ, ਹਰਿਆਊ ਕਲਾਂ, ਸੇਲਵਾਲਾ, ਹਰਿਆਊ ਜੱਟਾਂ, ਹਾਮਝੇੜੀ, ਖਾਨੇਵਾਲ, ਭੁਗੋ ਪੱਤੀ ਸ਼ੁਤਰਾਣਾ, ਖਾਂਗ, ਮੌਲਵੀਵਾਲਾ, ਖਾਸਪੁਰ, ਦੁਤਾਲ, ਸੰਤਨਗਰ ਮੌਲਵੀਵਾਲਾ, ਪਾਤੜਾਂ ਪਿੰਡ, ਗੁਲਾਹੜ, ਢਾਬੀ ਗੁੱਜਰਾਂ, ਬਕਰਾਹਾ, ਚੁਨਾਗਰਾ ਅਤੇ ਕਾਹਨਗੜ੍ਹ ਦੀਆਂ ਪੰਚਾਇਤਾਂ ਸ਼ਾਮਲ ਹਨ। ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਆਈਆਂ ਪੰਚਾਇਤਾਂ ਦੀ ਅਗਵਾਈ ਕਰ ਰਹੇ ਸਰਪੰਚ ਗੁਲਾਬ ਸਿੰਘ ਹਰਿਆਊ ਅਤੇ ਮੋਹਨ ਸਿੰਘ ਨੇ ਦੱਸਿਆ ਕਿ ਦੇਸ਼ ਭਰ ਅੰਦਰ ਕਿਸਾਨ ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਡਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਾਤੜਾਂ ਇਲਾਕੇ ਦੀਆਂ ਦੋ ਦਰਜਨ ਦੇ ਕਰੀਬ ਪੰਚਾਇਤਾਂ ਵੱਲੋਂ ਮਤੇ ਪਾਸ ਕਰਕੇ ਆਰਡੀਨੈਂਸ ਦੇ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ‘ਪਿੰਡ ਬਚਾਓ ਪੰਜਾਬ ਬਚਾਓ’ ਮੁਹਿੰਮ ਤਹਿਤ ਦਿੜ੍ਹਬਾ ਬਲਾਕ ’ਚ ਪਿੰਡ ਮੌੜਾਂ, ਸੂਲਰ ਘਰਾਟ ਅਤੇ ਮਹਿਲਾਂ ਵਿੱਚ ਗ੍ਰਾਮ ਸਭਾ ਦੇ ਇਜਲਾਸਾਂ ਵਿੱਚ ਖੇਤੀਬਾੜੀ ਸਬੰਧੀ ਪਾਸ ਕੀਤੇ ਆਰਡੀਨੈਂਸ ਵਾਪਸ ਕਰਵਾਉਣ ਲਈ ਮਤੇ ਪਾਸ ਕੀਤੇ ਗਏ। ਇਸ ਮੌਕੇ ਹਰਜਸ ਸਿੰਘ ਮਾਨ, ਰੂਪ ਸਿੰਘ ਮੋੜਾ, ਚੰਦ ਸਿੰਘ ਰੋਗਲਾ, ਭੀਮ ਸਿੰਘ ਮਹਿਲਾਂ, ਹਰਪ੍ਰੀਤ ਸਿੰਘ ਰਾਜੂ ਅਤੇ ਰਣ ਸਿੰਘ ਉਪਲ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸੂਲਰ ਘਰਾਟ ਦੇ ਸਰਪੰਚ ਗੁਰਤੇਜ ਸਿੰਘ ਨੇ ਇਕੱਠ ਵਿੱਚ ਪੁੱਜੇ ਲੋਕਾਂ ਨੂੰ ਜੀ ਆਇਆਂ ਕਹਿ ਕੇ ਕੀਤੀ। ‘ਪਿੰਡ ਬਚਾਓ ਪੰਜਾਬ ਬਚਾਓ’ ਮੁਹਿੰਮ ਦੇ ਆਗੂ ਤਿਰਲੋਚਨ ਸਿੰਘ ਸੂਲਰ ਘਰਾਟ ਅਤੇ ਕਰਨੈਲ ਸਿੰਘ ਜਖੇਪਲ ਨੇ ਸੰਬੋਧਨ ਕੀਤਾ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ‘ਪਿੰਡ ਬਚਾਓ ਪੰਜਾਬ ਬਚਾਓ’ ਸੰਸਥਾ ਵੱਲੋਂ ਪਿੰਡ ਫੱਗੂਵਾਲਾ ਅਤੇ ਜੌਲੀਆਂ ਵਿੱਚ ਜਨਤਕ ਮੀਟਿੰਗ ’ਚ ਖੇਤੀਬਾੜੀ ਸਬੰਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ। ਦੋਵਾਂ ਪਿੰਡਾਂ ਦੇ ਇਕੱਠਾਂ ਨੂੰ ਆਗੂ ਕਰਨੈਲ ਸਿੰਘ ਜਖੇਪਲ, ਤਰਲੋਚਨ ਸਿੰਘ ਸੂਲਰ ਘਰਾਟ, ਤਾਰਾ ਸਿੰਘ ਫੱਗੂਵਾਲਾ ਅਤੇ ਰਘਵੀਰ ਸਿੰਘ ਭਵਾਨੀਗੜ੍ਹ ਨੇ ਸੰਬੋਧਨ ਕੀਤਾ।