ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਗਸਤ
ਗੈਸਟ ਫੈਕਲਟੀ ਕਾਂਸਟੀਚੁਐਂਟ/ ਨੇਬਰਹੁੱਡ ਅਧਿਆਪਕਾਂ ਦਾ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਫਤਰ ਮੂਹਰੇ ਧਰਨਾ 51ਵੇਂ ਦਿਨ ਅਤੇ ਭੁੱਖ ਹੜਤਾਲ 43ਵੇਂ ਵੀ ਜਾਰੀ ਰਹੀ। ਉਧਰ ਕਿਸਾਨਾਂ ਸਮੇਤ ਕਈ ਹੋਰ ਜਥੇਬੰਦੀਆਂ ਵੀ ਅੱਜ ਇਨ੍ਹਾਂ ਅਧਿਆਪਕਾਂ ਦੀ ਹਮਾਇਤ ’ਚ ਆ ਖਲੋਤੀਆਂ ਹਨ। ਜਥੇਬੰਦੀ ਦੇ ਆਗੂ ਗੁਰਸੇਵਕ ਸਿੰਘ ਮੂਣਕ ਦਾ ਕਹਿਣਾ ਸੀ ਕਿ ਉਨ੍ਹਾ ਤੋਂ 12 ਮਹੀਨੇ ਕੰਮ ਲੈ ਕੇ ਤਨਖਾਹ ਮਹੀਨਿਆਂ ਦੀ ਹੀ ਦਿੱਤੀ ਜਾ ਰਹੀ ਹੈ। ਜਿਸ ਨੂੰ ਉਹ ਉਨ੍ਹਾਂ ਦਾ ਸ਼ੋਸਣ ਕਰਨ ਦੇ ਤੁੱਲ ਦੱਸ ਰਹੇ ਹਨ। ਉਨ੍ਹਾਂ ਨੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਵੀ ਕੀਤੀ। ਇਸੇ ਦੌਰਾਨ ਗੈਸਟ ਫੈਕਲਟੀ ਅਧਿਆਪਕਾਂ ਦੇ ਆਗੂਆ ਨੇ ਅੱਜ ਅਧਿਆਪਕ, ਕਿਸਾਨ, ਮਜ਼ਦੂਰ, ਵਿਦਿਆਰਥੀ, ਟਰੇਡ ਯੂਨੀਅਨ, ਨੌਜਵਾਨ, ਮੁਲਾਜਮ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨਾਲ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਜੱਥੇਬੰਦੀਆਂ ਨੂੰ ਆਪਣੀ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ। ਜਿਨ੍ਹਾਂ ਨੇ ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਜਿਸ ਤਹਿਤ 9 ਅਗਸਤ ਨੂੰ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਕਿਸਾਨ ਯੂਨੀਅਨ ਉਗਰਾਹਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਸਾਨ ਯੂਨੀਅਨ ਡਕੌਂਦਾ ਆਦਿ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਵਿਧਾਇਕ ਕੋਹਲੀ ਨੂੰ ਦਿੱਤਾ ਮੰਗ ਪੱਤਰ
ਗੈਸਟ ਫੈਕਲਟੀ ਟੀਚਰਾਂ ਦੇ ਵਫ਼ਦ ਨੇ ਪਟਿਆਲਾ ਸ਼ਹਿਰ ਤੋਂ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਨੂੰ ਮੰਗ ਪੱਤਰ ਵੀ ਦਿੱਤਾ। ਵਿਧਾਇਕ ਨੂੰ ਦੱਸਿਆ ਗਿਆ ਕਿ ਉਨ੍ਹਾਂ ਤੋਂ 12 ਮਹੀਨੇ ਕੰਮ ਕਰਵਾ ਕੇ ਤਨਖ਼ਾਹ ਅੱਠ ਮਹੀਨਿਆਂ ਦੀ ਦਿੱਤੀ ਜਾਂਦੀ ਹੈ ਤੇ ਤਜਰਬਾ ਸਰਟੀਫਿਕੇਟ ਵੀ ਨਹੀਂ ਮਿਲਦਾ। ਮਹਿਲਾ ਅਧਿਆਪਕਾਂ ਨੂੰ ਜਣੇਪਾ ਛੁੱਟੀ ਦੀ ਸੁਵਿਧਾ ਵੀ ਨਹੀਂ ਹੈ। ਗੁਰਸੇਵਕ ਮੂਣਕ ਨੇ ਦੱਸਿਆ ਕਿ ਵਿਧਾਇਕ ਨੇ ਇਹ ਮਾਮਲਾ ਮੁੱਖ ਮੰਤਰੀ ਨਾਲ਼ ਵਿਚਾਰਨ ਦਾ ਭਰੋਸਾ ਦਿੱਤਾ। ਉਧਰ, ਅੱਜ ਭੁੱਖ ਹੜਤਾਲ ’ਤੇ ਸਹਾਇਕ ਪ੍ਰੋਫੈਸਰ ਰਾਮ ਸਰਮਾ (ਬੇਨੜਾ ਕਾਲਜ) ਅਤੇ ਇੰਦਰਜੀਤ ਸਿੰਘ (ਮੀਰਾਂਪੁਰ ਕਾਲਜ) ਬੈਠੇ।