ਗੁਰਮਾਨ ਸਿੰਘ ਅਕੀਦਾ
ਪਟਿਆਲਾ, 17 ਜੁਲਾਈ
ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਦੀ ਅਗਵਾਈ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਐੱਸ.ਸੀ. ਵਿੰਗ ਪ੍ਰਧਾਨਾਂ ਨੇ ਆਪੋ-ਆਪਣੇ ਜ਼ਿਲ੍ਹਿਆਂ ਦੀਆਂ ਸਮੱਸਿਆਵਾਂ ਸਬੰਧੀ ਵੱਖ-ਵੱਖ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬ੍ਰਹਮ ਸ਼ੰਕਰ ਜਿੰਪਾ, ਲਾਲ ਚੰਦ ਕਟਾਰੂ ਚੱਕ, ਅਨਮੋਲ ਗਗਨ ਮਾਨ ਤੇ ਵਿਧਾਇਕ ਰਜਨੀਸ਼ ਦਈਆ, ਗੁਰਦੇਵ ਸਿੰਘ ਦੇਵ ਮਾਨ ਤੇ ਹਰਦੀਪ ਸਿੰਘ ਮੁੰਡੀਆਂ ਨਾਲ ਵੱਖੋ-ਵੱਖਰੇ ਤੌਰ ’ਤੇ ਮਿਲ ਕੇ ਲੋਕ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
ਸੂਬਾਈ ਪ੍ਰਧਾਨ ਐੱਸਸੀ ਵਿੰਗ (ਆਪ) ਅਮਰੀਕ ਸਿੰਘ ਬੰਗੜ ਨੇ ਇੱਥੋਂ ਬਿਆਨ ਜਾਰੀ ਕਰਦਿਆਂ ਦੱਸਿਆ,‘ਪਟਿਆਲਾ ਨਜ਼ਦੀਕ ਬਾਰਨ ਪਿੰਡ ਵਿੱਚ ਇਤਿਹਾਸਕ ਸਥਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਨੂੰ ਪੰਚਾਇਤ ਵੱਲੋਂ ਕਥਿਤ ਨੁਕਸਾਨ ਪਹੁੰਚਾਉਣ ਦਾ ਮੁੱਦਾ ਅਸੀਂ ਮੰਤਰੀਆਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਹੀ ਐੱਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਨੂੰ ਦਿੱਕਤਾਂ ਰਹਿਤ ਕਰਨ ਲਈ ਕਿਹਾ ਗਿਆ। ਬੇਘਰੇ ਐੱਸਸੀ ਲੋਕਾਂ ਨੂੰ ਘਰਾਂ ਦਾ ਇੰਤਜ਼ਾਮ ਕਰਨ ਦੀ ਗੱਲ ਰੱਖੀ ਗਈ, ਇਨ੍ਹਾਂ ਮੰਗਾਂ ਤੋਂ ਇਲਾਵਾ ਐੱਸ ਸੀ ਲੋਕਾਂ ਨਾਲ ਸਬੰਧਿਤ ਸਮਾਜਕ ਵਿਤਕਰੇ ਬਾਰੇ ਵੀ ਜਾਣੂ ਕਰਵਾਇਆ ਗਿਆ। ਇਨ੍ਹਾਂ ਮੰਗਾਂ ਨੂੰ ਲੈ ਕੇ ਹਰੇਕ ਮੰਤਰੀ ਨੇ ਗੰਭੀਰਤਾ ਪ੍ਰਗਟਾਈ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨਚੈਨ ਸਿੰਘ, ਸੂਬਾ ਜੁਆਇੰਟ ਸਕੱਤਰ ਹਰਮੀਤ ਸਿੰਘ ਛਿੱਬਰ, ਹਰਜੀਤ ਸਿੰਘ ਸ਼ਹਿਰੀ ਪ੍ਰਧਾਨ ਫ਼ਾਜ਼ਿਲਕਾ, ਧਰਮਿੰਦਰ ਸਿੰਘ ਫ਼ੌਜੀ ਪ੍ਰਧਾਨ ਲੁਧਿਆਣਾ, ਹਰਜੀਤ ਸਿੰਘ ਪ੍ਰਧਾਨ ਪਠਾਨਕੋਟ ਆਦਿ ਹਾਜ਼ਰ ਸਨ।