ਸੁਭਾਸ਼ ਚੰਦਰ
ਸਮਾਣਾ, 26 ਅਕਤੂਬਰ
ਸਿਵਲ ਹਸਪਤਾਲ ਵਿੱਚ ਮੰਗਲਵਾਰ ਨੂੰ ਮਰੀਜ਼ ਦਾ ਹਾਲ ਜਾਣਨ ਗਿਆ ਨੌਜਵਾਨ ਫ਼ਰਸ਼ ’ਤੇ ਤਿਲਕ ਗਿਆ ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਉਸ ਦਾ ਬੁੱਧਵਾਰ ਸ਼ਾਮ ਤੱਕ ਡਾਕਟਰਾਂ ਵੱਲੋਂ ਅਪਰੇਸ਼ਨ ਨਾ ਕਰਨ ’ਤੇ ਮਰੀਜ਼ ਦੇ ਵਾਰਸਾਂ ਨੇ ਸਿਹਤ ਮੰਤਰੀ ਨੂੰ ਮਾਮਲੇ ਬਾਰੇ ਜਾਣੂ ਕਰਵਾਇਆ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਚਾਨਕ ਹਸਪਤਾਲ ਦਾ ਦੌਰਾ ਕਰ ਕੇ ਡਾਕਟਰਾਂ ਤੋਂ ਮਰੀਜ਼ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਸ ਦੇ ਇਲਾਜ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਦਿੱਤੀ।
ਹਸਪਤਾਲ ਵਿੱਚ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮਰਜੈਂਸੀ ਵਾਰਡ ਵਿੱਚ ਪਹਿਲਾਂ ਵਧੀਆ ਫਰਸ਼ ਸੀ ਜਿਸ ਨੂੰ ਪਿਛਲੇ ਸਮੇਂ ਪ੍ਰਸ਼ਾਸਨ ਨੇ ਤੋੜ ਕੇ ਫਰਸ਼ ਵਾਲੀਆਂ ਟਾਈਲਾਂ ਲਗਾ ਦਿੱਤੀਆਂ ਸਨ। ਇਨ੍ਹਾਂ ਟਾਈਲਾਂ ’ਤੇ ਤੇਜ਼ ਤੁਰਨਾ ਜਾਂ ਡੁੱਲ੍ਹੇ ਹੋਏ ਪਾਣੀ ’ਤੇ ਤੁਰ ਕੇ ਜਾਣਾ ਜਾਨ ਨੂੰ ਜੋਖ਼ਿਮ ਵਿੱਚ ਪਾਉਣ ਤੋਂ ਘੱਟ ਨਹੀਂ। ਦਾਖ਼ਲ ਮਰੀਜ਼ ਕੇਵਲ ਸਿੰਘ ਨਾਲ ਵੀ ਅਜਿਹਾ ਕੁਝ ਵਾਪਰਿਆ। ਇਸ ਸੰਬਧੀ ਹੱਡੀਆਂ ਦੇ ਡਾਕਟਰ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟੈਸਟ ਜਾਂਚ ਲਈ ਭੇਜੇ ਗਏ ਹਨ। ਰਿਪੋਰਟ ਆਉਣ ’ਤੇ ਬੇਹੋਸ਼ੀ ਵਾਲੇ ਡਾਕਟਰ ਦੀ ਜਾਂਚ ਉਪਰੰਤ ਹੀ ਕੇਵਲ ਸਿੰਘ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਲੋਕਾਂ ਨੇ ਹਸਪਤਾਲ ਵਿੱਚ ਮਰੀਜ਼ਾਂ ਦੇ ਡਾਇਲੇਸਿਸ ਘੱਟ ਕੀਤੇ ਜਾਣ ਦੀ ਗੱਲ ਵੀ ਕੀਤੀ ਜਿਸ ਦੇ ਜਵਾਬ ’ਚ ਸਿਹਤ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।