ਖੇਤਰੀ ਪ੍ਰਤੀਨਿਧ
ਪਟਿਆਲਾ, 6 ਜੁਲਾਈ
ਹਾਲ ਹੀ ’ਚ ਹੋਏ ਤਬਦਾਲਦਿਆਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਵੀ ਕਈ ਡੀਐੱਸਪੀਜ਼ ਏਧਰੋਂ ਓਧਰ ਕੀਤੇ ਗਏ ਹਨ। ਥਾਣਾ ਸਦਰ ਪਟਿਆਲਾ, ਸਨੌਰ ਤੇ ਜੁਲਕਾਂ ਦੀ ਅਗਵਾਈ ਡੀਐੱਸਪੀ (ਰੂਰਲ) ਵਜੋਂ ਹੁਣ ਗੁਰਦੇਵ ਸਿੰਘ ਧਾਲੀਵਾਲ ਕਰਨਗੇ। ਉਹ ਲੰਬਾ ਸਮਾਂ ਪਹਿਲਾਂ ਵੀ ਇਥੇ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀ ਅਧੀਨਗੀ ਵਾਲ਼ਾ ਕਾਫੀ ਖੇਤਰ ਹਰਿਆਣਾ ਦੀ ਹੱਦ ਨਾਲ ਵੀ ਲੱਗਦਾ ਹੈ। ਸੁਲਝੇ ਅਤੇ ਨਿਧੜਕ ਅਧਿਕਾਰੀ ਵਜੋਂ ਜਾਣੇ ਜਾਂਦੇ ਗੁਰਦੇਵ ਧਾਲ਼ੀਵਾਲ਼ ਨੇ ਇਸ ਜ਼ਿੰਮੇਵਾਰੀ ਨੂੰ ਹੋਰ ਵੀ ਨਿੱਠ ਕੇ ਨਿਭਾਓਣ ਦਾ ਪ੍ਰਣ ਲਿਆ। ਸੁਖਅੰਮ੍ਰਿਤ ਰੰਧਾਵਾ ਨੂੰ ਡੀਐੱਸਪੀ (ਇਨਵੈਸ਼ਟੀਗੇਸ਼ਨ) ਲਾਇਆ ਗਿਆ ਹੈ, ਜਿਸ ਅਧੀਨ ਸੀਆਈਏ (ਕਰਾਈਮ ਇਨਵੈਸ਼ਟੀਗੇਸ਼ਨ ਏਜੰਸੀ) ਆਉਂਦੀ ਹੈ। ਰਾਸ਼ਟਰਪਤੀ ਪੁਲੀਸ ਮੈਡਲ ਵਿਜੇਤਾ ਜਸਵਿੰਦਰ ਸਿੰਘ ਟਿਵਾਣਾ ਨੂੰ ਡੀਐੱਸਪੀ (ਸਿਟੀ-2) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੱਥੋਂ ਬਦਲੇ ਮੋਹਿਤ ਅਗਰਵਾਲ ਹੁਣ ਡੀਐੱਸਪੀ (ਸਿਟੀ 1) ਹੋਣਗੇ। ਉਨ੍ਹਾਂ ਨੇ ਸੌਰਵ ਜਿੰਦਲ ਦੀ ਥਾਂ ਲਈ ਹੈ, ਜਿਨ੍ਹਾਂ ਨੂੰ ਸਮਾਣਾ ਦਾ ਡੀਐੱਸਪੀ ਲਾਇਆ ਗਿਆ ਹੈ। ਡੀਐੱਸਪੀ (ਐੱਚ) ਵਜੋਂ ਦਲਜੀਤ ਵਿਰਕ ਸੇਵਾਵਾਂ ਨਿਭਾਓਣਗੇ। ਕਰਮਬੀਰ ਸਿੰਘ ਨੂੰ ਡੀਐੱਸਪੀ (ਟਰੈਫਿਕ), ਚੰਦ ਸਿੰਘ ਡੀਐੱਸਪੀ (ਪੀਬੀਆਈ ਪਟਿਆਲਾ) ਹੋਣਗੇ। ਇਸੇ ਤਰ੍ਹਾਂ ਰਘਬੀਰ ਸਿੰਘ ਨੂੰ ਘਨੌਰ ਅਤੇ ਗੁਰਦੀਪ ਸਿੰਘ ਨੂੰ ਪਾਤੜਾਂ ਦਾ ਡੀਐੱਸਪੀ ਲਾਇਆ ਗਿਆ।