ਖੇਤਰੀ ਪ੍ਰਤੀਨਿਧ
ਪਟਿਆਲਾ, 26 ਫਰਵਰੀ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਸੂਬੇ ਵਿੱਚ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਤਿਆਰ ਕੀਤੀ ਕਾਰਜ ਯੋਜਨਾ ਦੇ ਮੁਲਾਂਕਣ ਅਤੇ ਇਸ ਨੂੰ ਲਾਗੂ ਕਰਨ ਲਈ ਗਠਿਤ ਮਾਨੀਟਰਿੰਗ ਕਮੇਟੀ ਦੇ ਚੇਅਰਮੈਨ ਅਤੇ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਸਬੀਰ ਸਿੰਘ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤਿਆਰ ਕੀਤਾ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀਜ) ਦੇ ਸੰਚਾਲਨ ਤੇ ਰੱਖ-ਰਖਾਅ ਬਾਰੇ ਤਿਆਰ ਕੀਤਾ ਮੈਨੂਅਲ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਿਰ ਡਾ. ਬਾਬੂ ਰਾਮ, ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ ਪਾਲ ਵਿੱਗ, ਮੈਂਬਰ ਸਕੱਤਰ ਇੰਜ. ਕਰੁਣੇਸ਼ ਗਰਗ ਵੀ ਮੌਜੂਦ ਸਨ।
ਚੇਅਰਮੈਨ ਪ੍ਰੋ. ਵਿੱਗ ਨੇ ਜਸਟਿਸ ਜਸਬੀਰ ਸਿੰਘ ਨੂੰ ਦੱਸਿਆ ਕਿ ਬੋਰਡ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਐਸ.ਟੀ.ਪੀਜ਼ ਤੋਂ ਇਲਾਵਾ ਉਦਯੋਗਾਂ ਸਮੇਤ ਨਦੀਆਂ ਉਤੇ ਸਥਾਪਿਤ ਕੀਤੇ ਗਏ ਐਸ.ਟੀ.ਪੀਜ਼ ਦੀ ਲਗਾਤਾਰ ਆਨਲਾਈਨ ਨਿਗਰਾਨੀ ਸਟੇਸ਼ਨਾਂ ਰਾਹੀਂ ਕੀਤੀ ਜਾਂਦੀ ਹੈ। ਇਸ ਦੌਰਾਨ ਕਮੇਟੀ ਨੇ ਬੋਰਡ ਦੇ ਅਹਾਤੇ ਵਿੱਚ ਬਾਇਓ ਕੰਪੋਸਟਰ ਸਾਈਟ ਦਾ ਵੀ ਦੌਰਾ ਕੀਤਾ, ਜਿੱਥੇ ਬਾਗਬਾਨੀ ਦੇ ਰਹਿੰਦ-ਖੂੰਹਦ ਦੇ ਨਾਲ-ਨਾਲ ਹੋਰ ਰਹਿੰਦ-ਖੂੰਹਦ ਨੂੰ ਮਕੈਨੀਕਲ ਬਾਇਓ-ਕੰਪੋਸਟਰ ਦੀ ਮਦਦ ਨਾਲ ਖਾਦ ਵਿੱਚ ਬਦਲਿਆ ਜਾਂਦਾ ਹੈ। ਇਸ ਤੋਂ ਇਲਾਵਾ ਵਰਮੀ ਕੰਪੋਸਟਿੰਗ ਬੈੱਡ ਵੀ ਦਿਖਾਏ। ਨਿਗਰਾਨ ਕਮੇਟੀ ਦੇ ਚੇਅਰਮੈਨ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।