ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਕਤੂਬਰ
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਸ ਦਿਨ ਅੱਗੇ ਪਾਓਣ ਨਾਲ਼ ਭਾਵੇਂ ਕਿ ਇੱਕ ਅਤੇ ਦੋ ਅਕਤੂਬਰ ਨੂੰ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਦੇ ਮਾਮਲੇ ਨੂੰ ਲੈ ਕੇ ਡਾਢੀਆਂ ਦਿੱਕਤਾਂ ਦਾ ਸਾਹਮਣਾ ਪਿਆ ਪਰ ਆਖਰ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਇਹ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਦੀ ਖਰੀਦ ਸ਼ੁਰੂ ਕਰਨ ਦੀ ਦਿੱਤੀ ਪ੍ਰਵਾਨਗੀ ਦੇ ਚੱਲਦਿਆਂ, ਮਾਰਕਿਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਿੱਕੀ ਮਾਨ ਤੇ ਵਾਈਸ ਚੇਅਰਮੈਨ ਗੁਰਮੁਖ ਸਿੰਘ ਨੇ ਅੱੱਜ ਇਥੇ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ ਵਿਖੇ ਬਾਕਾਇਦਾ ਤੌਰ ’ਤੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ। ਤਿੰਨ ਅਕਤੂਬਰ ਨੂੰ ਸ਼ੁਰੂ ਹੋਈ ਝੋਨੇ ਦੀ ਖਰੀਦ ਦੇ ਪਹਿਲੇ ਦਿਨ ਪਟਿਆਲਾ ਜ਼ਿਲ੍ਹੇ ’ਚ 4400 ਟਨ ਝੋਨੇ ਦੀ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ। ਇਨ੍ਹਾਂ ਵਿਚੋਂ ਸਭ ਤੋਂ ਵੱਧ, 5772 ਟਨ ਝੋਨਾ ਰਾਜਪੁਰਾ ਮੰਡੀ ਵਿਚੋਂ ਖਰੀਦਿਆ ਗਿਆ। ਝੋਨੇ ਦੀ ਖਰੀਦ ਪੱਖੋਂ ਦੂਜੇ ਨੰਬਰ ’ਤੇ ਸਨੌਰ ਮੰਡੀ ਰਹੀ,ਜਿਥੇ ਇੱਕ ਹਜਾਰ ਟਨ ਝੋਨੇ ਦੀ ਖਰੀਦ ਕੀਤੀ ਗਈ। ਬਾਕੀ ਥਾਂਈਂ ਭਾਦਸੋਂ ਮੰਡੀ ਵਿਚੋਂ 610 ਟਨ ਸਮਾਣਾ ਵਿਚੋਂ 500 ਟਨ, ਦੇਵੀਗੜ੍ਹ ਮੰਡੀ ਵਿਚੋਂ 495 ਟਨ, ਨਾਭਾ ਮੰਡੀ ’ਚ 409 ਟਨ, ਪਟਿਆਲਾ ਮੰਡੀ ’ਚ 345 ਟਨ, ਪਟਿਆਲਾ ਦੀ ਸਨੌਰੀ ਮੰਡੀ ਵਿਚੋਂ 178 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਜਦਕਿ ਪਾਤੜਾਂ ਮੰਡੀ ਵਿਚੋਂ 50 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਵਿਧਾਇਕਾਂ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਰਾਜਪੁਰਾ (ਪੱਤਰ ਪ੍ਰੇਰਕ) ਅੱਜ ਇੱਥੇ ਅਨਾਜ ਮੰਡੀ ਵਿਚ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਾਂਝੇ ਤੌਰ ’ਤੇ ਐੱਸਡੀਐੱਮ ਖੁਸ਼ਦਿਲ ਸਿੰਘ ਸੰਧੂ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ ਤੇ ਆੜ੍ਹਤੀ ਐਸੋਸ਼ੀਏਸਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਦੀ ਹਾਜ਼ਰੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਅੱਜ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ ਖ਼ਰੀਦ ਅੱਗੇ ਪਾਉਣੀ ਕੇਂਦਰ ਸਰਕਾਰ ਦਾ ਗਲਤ ਫੈਸਲਾ ਸੀ ਪਰ ਪੰਜਾਬ ਦੇ ਕਿਸਾਨਾਂ ਦਾ ਰੋਹ ਦੇਖਦੇ ਹੋਏ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੂੰ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਕਰਵਾਉਣੀ ਪਈ।