ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 6 ਫਰਵਰੀ
ਥਾਣਾ ਜੁਲਕਾਂ ਅਧੀਨ ਪਿੰਡ ਸ਼ੇਖੂਪੁਰ ਦੇ ਇੱਕ ਵਿਅਕਤੀ ਨੂੰ ਪਿੰਡ ਸਾਧੂਨਗਰ ਵਿੱਚ ਉਸ ਦੇ ਖੇਤਾਂ ਵਿੱਚ ਹੀ ਕੁਝ ਵਿਅਕਤੀਆਂ ਅਤੇ ਔਰਤਾਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਸ਼ੇਖੂਪੁਰ ਦੇ ਸੁਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਰਾਜ ਕੁਮਾਰ ਆਪਣੀ ਜ਼ਮੀਨ ਜੋ ਪਿੰਡ ਸਾਧੂਨਗਰ ਵਿੱਚ ਹੈ, ਵਿਖੇ ਖੇਤਾਂ ਨੂੰ ਸਵੇਰੇ ਪਾਣੀ ਲਗਾਉਣ ਲਈ ਗਿਆ ਸੀ। ਸ਼ਾਮ 5 ਵਜੇ ਦੇ ਕਰੀਬ ਉਸ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਨੂੰ ਖੇਤਾਂ ਵਿੱਚ ਹੀ ਕੇਹਰ ਪੁਰੀ ਪੁੱਤਰ ਅਜਮੇਰ ਪੁਰੀ, ਕੇਹਰ ਗਿਰ ਪੁੱਤਰ ਰਤਨਾ ਵਾਸੀਆਨ ਸ਼ੇਖੂਪੁਰ, ਹਰਜੀਤ ਸਿੰਘ, ਗੁਰਸੇਵਕ ਸਿੰਘ ਪੁਤਰਾਨ ਪਾਲਾ ਰਾਮ, ਰੇਖਾ ਰਾਣੀ ਪਤਨੀ ਹਰਜੀਤ ਸਿੰਘ, ਅਮਨ ਪਤਨੀ ਗੁਰਸੇਵਕ ਸਿੰਘ ਵਾਸੀਆਨ ਸਾਧੂਨਗਰ ਕੁੱਟ ਰਹੇ ਹਨ। ਉਹ ਤੁਰਤ ਆਪਣੇ ਭਰਾ ਵਿੱਕੀ ਸਿੰਘ ਨੂੰ ਲੈ ਕੇ ਮੌਕੇ ’ਤੇ ਪੁੱਜਿਆ। ਉਸ ਨੇ ਦੇਖਿਆ ਕਿ ਉਪਰੋਕਤ ਵਿਅਕਤੀ ਉਸ ਦੇ ਪਿਤਾ ਦੀ ਕੁੱਟਮਾਰ ਕਰ ਰਹੇ ਹਨ। ਉਨ੍ਹਾਂ ਰੌਲਾ ਪਾਇਆ , ਜਿਸ ਨੂੰ ਸੁਣ ਕੇ ਮੁਲਜ਼ਮ ਮੌਕੇ ਤੋਂ ਭੱਜ ਗਏ। ਉਹ ਜ਼ਖ਼ਮੀ ਹਾਲਤ ਵਿੱਚ ਆਪਣੇ ਪਿਤਾ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕਤਲ ਦਾ ਮੁੱਖ ਕਾਰਨ ਖੇਤਾਂ ’ਚ ਲੱਗੇ ਦਰੱਖਤ (ਕਿੱਕਰਾਂ) ਹਨ ਜਿਸ ਕਾਰਨ ਅਕਸਰ ਲੜਾਈ ਹੁੰਦੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਸਮੇਤ ਛੇ ਵਿਅਕਤੀਆਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈੇ। ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।