ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿੱਚ ਤਾਇਨਾਤ ਜੋੜੀ ਡਾ. ਪੰਕਜ ਮਹਿੰਦਰੂ ਅਤੇ ਡਾ. ਪੂਜਾ ਮਹਿੰਦਰੂ ਵੱਲੋਂ ਸਾਂਝੇ ਤੌਰ ਉੱਤੇ ਲਿਖੀ ਗਈ ਇੰਜਨੀਅਰਿੰਗ ਵਿਸ਼ੇ ਦੀ ਮੁੱਲਵਾਨ ਪੁਸਤਕ “ਮੈਟਲੈਬ ਐਂਡ ਸਿਮੂਲਿੰਕ’’ (ਏ ਬੇਸਿਕ ਅੰਡਰਸਟੈਂਡਿੰਗ ਫ਼ਾਰ ਇੰਜਨੀਅਰਜ਼) ਨੂੰ ਅੱਜ ਪੰਜਾਬੀ ਯੂਨੀਵਰਸਿਟੀ ਦੇ ਡੀਨ (ਅਕਾਦਮਿਕ) ਡਾ. ਜੀ.ਐੱਸ. ਬੱਤਰਾ ਤੇ ਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਨੇ ਸਾਂਝੇ ਤੌਰ ’ਤੇ ਰਿਲੀਜ਼ ਕੀਤਾ। ਇਸ ਕਿਤਾਬ ਨੂੰ ਕੈਂਬਰਿਜ ਸਕਾਲਰਜ਼ ਪਬਲਿਸ਼ਿੰਗ ਕੰਪਨੀ (ਯੂ.ਕੇ. ਆਧਾਰਤ ਪਬਲਿਸ਼ਿੰਗ ਹਾਊਸ) ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਦੋਵੇਂ ਉੱਚ ਅਧਿਕਾਰੀਆਂ ਮਹਿੰਦਰੂ ਜੋੜੀ ਨੂੰ ਵਧਾਈ ਦਿੱਤੀ। ਡਾ. ਪੰਕਜ ਮਹਿੰਦਰੂ ਨੇ ਦੱਸਿਆ ਕਿ ਮੈਟਲੈਬ ਇਕ ਕੰਪਿਊਟਰ ਆਧਾਰਤ ਸਾਫ਼ਟਵੇਅਰ ਹੈ ਜਿਸ ਨੂੰ ਮੁੱਖ ਤੌਰ ’ਤੇ ਅਕਾਦਮਿਕ, ਖੋਜ ਅਤੇ ਉਦਯੋਗਿਕ ਕਮਿਊਨਿਟੀਜ਼ ਨੂੰ ਤਕਨੀਕੀ ਸਮੱਸਿਆਵਾਂ ਦੇ ਹੱਲ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰੋਗਰਾਮਿੰਗ ਤੇ ਸੰਖਿਆਤਮਕ ਗਣਨਾ ਕਰਨ ਲਈ ਇਕ ਪ੍ਰਮੁੱਖ ਸਾਫਟਵੇਅਰ ਪੈਕੇਜ ਹੈ। -ਨਿੱਜੀ ਪੱਤਰ ਪ੍ਰੇਰਕ