ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਅਪਰੈਲ
ਮਹਿਲਾਂ ਚੌਕ ਵਿੱਚ ਇੱਕ ਬੱਸ ਦੀ ਲਪੇਟ ਵਿੱਚ ਆ ਕੇ ਇੱਕ ਸਕੂਲੀ ਵਿਦਿਆਰਥਣ ਦੀ ਮੌਤ ਅਤੇ ਤਿੰਨ ਦੇ ਜ਼ਖਮੀ ਹੋਣ ਦੇ ਮਾਮਲੇ ’ਚ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲੋਕਾਂ ਵੱਲੋਂ ਮਹਿਲਾਂ ਚੌਕ ਐਕਸੀਡੈਂਟ ਕਾਂਡ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸੰਗਰੂਰ-ਪਾਤੜਾਂ ਹਾਈਵੇਅ ਉਪਰ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨਾਕਾਰੀ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨੂੰ 15 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਜ਼ਖ਼ਮੀ ਵਿਦਿਆਰਥਣਾਂ ਦਾ ਇਲਾਜ ਤੇ ਯੋਗ ਮੁਆਵਜ਼ਾ ਅਤੇ ਹਾਦਸੇ ਵਾਲੀ ਸੜਕ ਉਪਰ ਫਲਾਈਓਵਰ ਬਣਾਉਣ ਦੀ ਮੰਗ ਕਰ ਰਹੇ ਸਨ। ਅੱਜ ਮ੍ਰਿਤਕਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸੀ। ਅੰਤਿਮ ਅਰਦਾਸ ਮਗਰੋਂ ਲੋਕਾਂ ਵੱਲੋਂ ਸੰਗਰੂਰ-ਪਾਤੜਾਂ ਹਾਈਵੇਅ ਉਪਰ ਆਵਾਜਾਈ ਠੱਪ ਕਰਦਿਆਂ ਧਰਨਾ ਦਿੱਤਾ ਗਿਆ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾਈ ਆਗੂ ਪਰਗਟ ਸਿੰਘ, ਭਾਕਿਯੂ ਏਕਤਾ ਉਗਰਾਹਾਂ ਦੇ ਹਰਜੀਤ ਸਿੰਘ, ਭਾਕਿਯੂ ਸਿੱਧੂਪੁਰ ਦੇ ਆਗੂ ਮਦਨ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸਤਨਾਮ ਸਿੰਘ, ਡੀ.ਐਸ.ਓ. ਦੇ ਗੁਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।