ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਜੂਨ
ਕੈਪਟਨ ਅਮਰਿੰਦਰ ਸਿੰਘ ਦਾ ‘ਡਰੀਮ ਪ੍ਰਾਜੈਕਟ’ ਮਹਾਰਾਜਾ ਭੁਪਿੰਦਰ ਸਪੋਰਟਸ ਯੂਨੀਵਰਸਿਟੀ ਵਿਵਾਦਾਂ ਵਿਚ ਘਿਰ ਗਈ ਹੈ। ਦੋ ਵਿਧਾਇਕਾਂ ਦੀ ਇਸ ਸਬੰਧੀ ਵੱਖੋ ਵੱਖਰੀ ਰਾਏ ਹੈ, ਦੂਜੇ ਪਾਸੇ ਪੰਜਾਬ ਸਰਕਾਰ ਦੇ ਖੇਡ ਮੰਤਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਸਪੋਰਟਸ ਯੂਨੀਵਰਸਿਟੀ ਬਾਰੇ ਮੀਟਿੰਗ ਹੋਣੀ ਹੈ।
ਜਾਣਕਾਰੀ ਅਨੁਸਾਰ ਚੋਣਾਂ ਦਾ ਪ੍ਰਚਾਰ ਕਰਨ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਦੀ ਹਾਜ਼ਰੀ ਵਿਚ ਸਟੇਜ ਤੋਂ ਐਲਾਨ ਕੀਤਾ ਸੀ ਕਿ ਜੇ ਸਾਡੀ ਸਰਕਾਰ ਪੰਜਾਬ ਵਿਚ ਬਣੀ ਤਾਂ ਦੇਸ਼ ਦੀ ਸਭ ਤੋਂ ਵੱਡੀ ਸਪੋਰਟਸ ਯੂਨੀਵਰਸਿਟੀ ਜਲੰਧਰ ਵਿਚ ਬਣੇਗੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੇ ਨਾਮ ਉੱਤੇ ਪਟਿਆਲਾ ਵਿਚ ਸਪੋਰਟਸ ਯੂਨੀਵਰਸਿਟੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਕੈਂਪਸ ਵੀ ਮਹਿੰਦਰਾ ਕੋਠੀ ਵਿਚ ਕੰਮ ਕਰਨ ਲਾ ਦਿੱਤਾ ਸੀ।
ਇਸ ਬਾਰੇ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ. ਜਨਰਲ (ਰਿਟਾ.) ਡਾ. ਜਗਬੀਰ ਸਿੰਘ ਚੀਮਾ ਨੇ ਕਿਹਾ ਹੈ ਕਿ ਸਪੋਰਟਸ ਯੂਨੀਵਰਸਿਟੀ ਬਹੁਤ ਚੰਗੇ ਤਰੀਕੇ ਨਾਲ ਚੱਲ ਰਹੀ ਹੈ ਕੋਰਸ ਚੱਲ ਰਹੇ ਹਨ 3 ਇੰਸਟੀਚਿਊਟ ਕਾਲਜ ਪਟਿਆਲਾ, ਜਲੰਧਰ ਤੇ ਬਟਾਲਾ ਵਿਚ ਹਨ। ਪੰਜ ਕਾਲਜ ਐਫੀਲੀਏਟਿਡ ਹੋ ਚੁੱਕੇ ਹਨ। 2 ਅਕਾਦਮਿਕ ਬਲਾਕ ਅਤੇ ਇਕ ਹੋਸਟਲ ਦਾ ਕੰਮ 40 ਫ਼ੀਸਦੀ ਹੋ ਚੁੱਕਿਆ ਹੈ ਜਦ ਕਿ ਚਾਰਦੀਵਾਰੀ ਮੁਕੰਮਲ ਹੋ ਚੁੱਕੀ ਹੈ।
ਕੀ ਕਹਿੰਦੇ ਨੇ ਪਟਿਆਲਾ ਦਿਹਾਤੀ ਦੇ ਵਿਧਾਇਕ
ਹਲਕੇ ਵਿਚ ਪੈਂਦੀ ਸਪੋਰਟਸ ਯੂਨੀਵਰਸਿਟੀ ਬਾਰੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਕਹਿੰਦੇ ਹਨ ਕਿ ਇਸ ਯੂਨੀਵਰਸਿਟੀ ਦਾ ਕੰਮ 50 ਫ਼ੀਸਦੀ ਤੋਂ ਉਪਰ ਮੁਕੰਮਲ ਹੋ ਚੁੱਕਿਆ ਹੈ, 100 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਹੋਈ ਹੈ, ਇਸ ਕਰਕੇ ਇੱਥੇ ਸਪੋਰਟਸ ਯੂਨੀਵਰਸਿਟੀ ਹੀ ਬਣੇਗੀ, ਬਾਕੀ ਸਪੋਰਟਸ ਮੰਤਰਾਲੇ ਨੂੰ ਪਤਾ ਹੈ ਕਿ ਇਸ ਬਾਰੇ ਕੀ ਕਰਨਾ ਹੈ, ਉਂਜ ਮੇਰਾ ਮੰਨਣਾ ਹੈ ਕਿ ਇਹ ਯੂਨੀਵਰਸਿਟੀ ਮੌਜੂਦਾ ਥਾਂ ਵਿਚ ਹੀ ਬਣਨੀ ਚਾਹੀਦੀ ਹੈ।
ਸਰਕਾਰ ਦੁਬਾਰਾ ਵਿਚਾਰ ਕਰ ਰਹੀ ਹੈ: ਵਿਧਾਇਕ ਪਟਿਆਲਾ ਸ਼ਹਿਰੀ
ਪਟਿਆਲਾ ਬਣ ਰਹੀ ਸਪੋਰਟਸ ਯੂਨੀਵਰਸਿਟੀ ਬਾਰੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਕਹਿੰਦੇ ਹਨ ਕਿ ਪਟਿਆਲਾ ਵਿਚ ਸਪੋਰਟਸ ਦੇ ਵੱਡੇ ਸੰਸਥਾਨ ਐਨਆਈਐਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹਨ। ਇਸ ਕਰਕੇ ਇੱਥੇ ਸਪੋਰਟਸ ਯੂਨੀਵਰਸਿਟੀ ਬਣਾਉਣ ਦੀ ਲੋੜ ਨਹੀਂ ਸੀ, ਇਸ ਬਾਰੇ ਸਰਕਾਰ ਦੁਬਾਰਾ ਵਿਚਾਰ ਕਰ ਰਹੀ ਹੈ।
ਯੂਨੀਵਰਸਿਟੀ ਬਾਰੇ ਫੈਸਲਾ ਮੁੱਖ ਮੰਤਰੀ ਨਾਲ ਗੱਲਬਾਤ ਮਗਰੋਂ ਹੋਵੇਗਾ: ਮੀਤ ਹੇਅਰ
ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਹੈ ਕਿ ਪਟਿਆਲਾ ਵਿਚ ਬਣ ਰਹੀ ਮਹਾਰਾਜਾ ਭੁਪਿੰਦਰ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਿਚ ਰਹੇਗੀ ਜਾਂ ਜਲੰਧਰ ਜਾਵੇਗੀ ਬਾਰੇ ਅਗਲੇ ਦਿਨਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਹੋਵੇਗੀ। ਉਸ ਬਾਅਦ ਹੀ ਤੈਅ ਕੀਤਾ ਜਾਵੇਗਾ ਕਿ ਇਹ ਯੂਨੀਵਰਸਿਟੀ ਕਿਥੇ ਬਣੇਗੀ।