ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਜਨਵਰੀ
ਇੱਥੇ ਅੱਜ ਦਿਨ ਭਰ ਪੈਂਦਾ ਰਿਹਾ ਜਿਸ ਕਾਰਨ ਮੁੜ ਠੰਢ ਵਧ ਗਈ। ਦੂਜੇ ਵਿੱਚ ਖੇਤਾਂ ਵਿੱਚ ਪਾਣੀ ਭਰਨ ਕਾਰਨ ਕਣਕ ਦੀ ਫ਼ਸਲ ਪੀਲੀ ਪੈ ਗਈ। ਮੌਸਮ ਵਿਭਾਗ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਮੁਤਾਬਕ ਅੱਜ ਪਟਿਆਲਾ ਖੇਤਰ ’ਚ 27.1 ਐਮ.ਐਮ ਬਾਰਸ਼ ਹੋਈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 12.5 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 10.4 ਡਿਗਰੀ ਰਿਹਾ। ਇਸ ਤਰ੍ਹਾਂ ਦਿਨ ਅਤੇ ਰਾਤ ਦੇ ਮੌਸਮ ’ਚ 2.1 ਡਿਗਰੀ ਦਾ ਹੀ ਫਰਕ ਰਿਹਾ। ਹੋਰ ਵੇਰਵਿਆਂ ਅਨੁਸਾਰ ਜਨਵਰੀ ਦੇ ਹੁਣ ਤੱਕ ਦੇ 23 ਦਿਨਾਂ ’ਚ 115 ਐਮ.ਐਮ ਬਾਰਸ਼ ਹੋਈ ਹੈ।
ਮੀਂਹ ਕਾਰਨ ਸ਼ਹਿਰ ਵਿਚਲੀਆਂ ਨੀਵੀਂਆਂ ਸੜਕਾਂ ’ਤੇ ਪਾਣੀ ਰਿਹਾ ਜਿਸ ਕਾਰਨ ਰਾਹਗੀਰਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਦੋ ਪਹੀਆ ਵਾਹਨਾਂ ਵਾਲ਼ਿਆਂ ਨੂੰ ਹੋਰ ਵੀ ਮੁਸ਼ਕਲਾਂ ਆਈਆਂ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਇਸ ਖਿੱਤੇ ਵਿੱਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੀਂਹ ਪੈਣ ਕਾਰਨ ਕਣਕ ਦੀ ਫਸਲ ਵਾਲੇ ਖੇਤਾਂ ਵਿੱਚ ਪਾਣੀ ਭਰ ਗਿਆ ਜੋ ਫਸਲ ਲਈ ਕਾਫੀ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ। ਕਣਕ ਦੀ ਫਸਲ ਵਿੱਚ ਯੂਰੀਆ ਖਾਦ ਦੀ ਪੂਰੀ ਖੁਰਾਕ ਪਾਏ ਜਾਣ ਦੇ ਬਾਵਜੂਦ ਕਿਸਾਨਾਂ ਨੂੰ ਵਾਧੂ ਖਰਚਾ ਕਰਕੇ ਹੋਰ ਯੂਰੀਆ ਖਾਦ ਪਾਉਣੀ ਪਵੇਗੀ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ, ਆਲੂ, ਟਮਾਟਰ, ਤੇਲ ਬੀਜ ਵੀ ਨੁਕਸਾਨੇ ਗਏ ਹਨ। ਆਲੂ ਦੀ ਪੁਟਾਈ ਰੁਕ ਗਈ ਹੈ ਜਦੋਂ ਕਿ ਇਸ ਮਹੀਨੇ ਹੋਣ ਵਾਲੀ ਪਿਆਜ਼ ਦੀ ਪਨੀਰੀ ਦੀ ਲੁਆਈ ਅਤੇ ਸੂਰਜਮੁੱਖੀ ਦੀ ਬਿਜਾਈ ਮੀਂਹ ਪੈਣ ਕਾਰਨ ਪੱਛੜ ਰਹੀ ਹੈ ਜਿਸ ਨੂੰ ਲੈ ਕੇ ਕਿਸਾਨ ਵਰਗ ਚਿੰਤਤ ਹੈ। ਇਸ ਮੀਂਹ ਦਾ ਪਾਣੀ ਸ਼ਹਿਰੀ ਖੇਤਰ ਦੀਆ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਦਾ ਸੱਬਬ ਬਣ ਰਿਹਾ ਹੈ।
ਧੂਰੀ (ਹਰਦੀਪ ਸਿੰਘ ਸੋਢੀ): ਹਲਕੇ ਅੰਦਰ ਲੰਘੀ ਰਾਤ ਪਏ ਭਾਰੀ ਮੀਂਹ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ। ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ਉੱਪਰ ਸੀਵਰੇਜ ਦੀ ਸਮੱਸਿਆ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕਈ ਫ਼ਸਲਾਂ ਲਈ ਮੀਂਹ ਲਾਹੇਵੰਦ ਹੈ।
ਮੀਂਹ ਨਾਲ਼ ਫਸਲਾਂ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਰੇ ਸਰਕਾਰ: ਗੜ੍ਹੀ
ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ (ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ) ਦਾ ਕਹਿਣਾ ਸੀ ਕਿ ਪਹਿਲਾਂ ਕਿਸਾਨਾਂ ਦੀ ਝੋਨੇ ਦੀ ਫਸਲ ਵੀ ਨੁਕਸਾਨੀ ਗਈ ਸੀ ਪਰ ਸਰਕਾਰ ਨੇ ਉਦੋਂ ਵੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਸੀ ਦਿੱਤਾ। ਇਸੇ ਤਰ੍ਹਾਂ ਇਨ੍ਹੀਂ ਦਿਨੀਂ ਪੈ ਰਹੇ ਬੇਮੌਸਮੇ ਮੀਂਹ ਕਾਰਨ ਵੀ ਕਿਸਾਨਾਂ ਦੀ ਕਣਕ ਦੀ ਫਸਲ ਦਾ ਝਾੜ ਘਟੇਗਾ ਜਿਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਕਿਸਾਨਾਂ ਦੀ ਮਦਦ ਕੀਤੀ ਜਾਵੇ। ਇਸੇ ਤਰ੍ਹਾਂ ਸੰੰਯੁਕਤ ਕਿਸਾਨ ਮੋਰਚੇ ਵੱਲੋਂ ਰਾਜਪੁਰਾ ਤੋਂ ਚੋਣ ਲੜੇ ਰਹੇ ਹਰਵਿੰਦਰ ਹਰਪਾਲਪੁਰ ਅਤੇ ਸਨੌਰ ਤੋਂ ਬੂਟਾ ਸਿੰਘ ਸ਼ਾਦੀਪੁਰ ਨੇਵੀ ਸਰਕਾਰ ਨੂੰ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਕਰਨ ’ਤੇ ਜ਼ੋਰ ਦਿੱਤਾ ਹੈ।