ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਜ਼ਿਲ੍ਹੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਦੇ ਹੱਕ ’ਚ ਰੋਸ ਮਾਰਚ ਕੀਤਾ ਗਿਆ ਅਤੇ ਰੇਲਵੇ ਚੌਕ ਵਿੱਚ ਦਿੱਲੀ-ਲੁਧਿਆਣਾ ਹਾਈਵੇਅ ਉਪਰ ਆਵਾਜਾਈ ਠੱਪ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਬਾਅਦ ਵਿੱਚ ਰੈਸਟ ਹਾਊਸ ਪੁੱਜ ਕੇ ਮੁੱਖ ਮੰਤਰੀ ਦੇ ਨਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਇਕੱਠੇ ਹੋਏ। ਭਾਵੇਂ ਕਿ ਕਿਸਾਨਾਂ ਵਲੋਂ ਰੈਸਟ ਹਾਊਸ ਪੁੱਜ ਕੇ ਵਿਧਾਇਕ ਨੂੰ ਮੰਗ ਪੱਤਰ ਸੌਂਪਣਾ ਸੀ ਪਰੰਤੂ ਕਿਸਾਨਾਂ ਨੂੰ ਸੁਨੇਹਾ ਮਿਲਿਆ ਕਿ ਵਿਧਾਇਕ ਇੱਥੇ ਪੁੱਜ ਕੇ ਮੰਗ ਪੱਤਰ ਲੈਣਗੇ। ਕਾਫ਼ੀ ਉਡੀਕ ਕਰਨ ਮਗਰੋਂ ਕਿਸਾਨ ਰੋਸ ਮਾਰਚ ਕਰਦਿਆਂ ਰੇਲਵੇ ਚੌਕ ਵਿਚ ਪੁੱਜੇ ਜਿੱਥੇ ਮੁੱਖ ਸੜਕ ’ਤੇ ਆਵਾਜਾਈ ਠੱਪ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਰ-ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਹਲਕਾ ਵਿਧਾਇਕ ਦੇ ਰੈਸਟ ਹਾਊਸ ਪੁੱਜਣ ਦਾ ਸੁਨੇਹਾ ਮਿਲਦਿਆਂ ਕਿਸਾਨ ਰੋਸ ਮਾਰਚ ਕਰਦੇ ਰੈਸਟ ਹਾਊਸ ਪੁੱਜੇ ਤੇ ਮੰਗ ਪੱਤਰ ਸੌਂਪਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਰਮ ਸਿੰਘ ਬਲਿਆਲ ਭਾਕਿਯੂ ਡਕੌਦਾ, ਦਰਸ਼ਨ ਸਿੰਘ ਕੁੰਨਰਾਂ ਕਿਰਤੀ ਕਿਸਾਨ ਯੂਨੀਅਨ, ਊਧਮ ਸਿੰਘ ਸੰਤੋਖਪੁਰਾ, ਨਿਰਮਲ ਸਿੰਘ ਬਟੜਿਆਣਾ, ਕੁੱਲ ਹਿੰਦ ਕਿਸਾਨ ਯੂਨੀਅਨ, ਸ਼ਾਮ ਲਾਲ ਗੱਗੜਪੁਰ ਕੁਲ ਹਿੰਦ ਕਿਸਾਨ ਫੈੱਡਰੇਸ਼ਨ ਵੱਲੋਂ ਕੀਤੀ ਗਈ। ਬੁਲਾਰਿਆਂ ਨੇ ਮੰਗ ਕੀਤੀ ਕਿ ਪ੍ਰਤੀ ਪਸ਼ੂ ਦੀ ਮੌਤ ਬਦਲੇ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਲੰਪੀ ਸਕਿੱਨ ਬਿਮਾਰੀ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ, ਗੰਨੇ ਦਾ ਬਕਾਇਆ ਸਮੇਤ ਵਿਆਜ ਦਿੱਤਾ ਜਾਵੇ ਤੇ ਕਿਸਾਨਾਂ ਨਾਲ ਸਬੰਧਤ ਵਿਭਾਗਾਂ ’ਚ ਖਾਲੀ ਅਸਾਮੀਆਂ ਭਰੀਆਂ ਜਾਣ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਇੱਥੇ ਮਾਤਾ ਮੋਦੀ ਪਾਰਕ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪਸ਼ੂਆਂ ਵਿੱਚ ਫੈਲ ਰਹੀ ਲੰਪੀ ਸਕਿਨ ਬਿਮਾਰੀ ਦੌਰਾਨ ਸਰਕਾਰ ਦੀ ਨਿਰਾਸ਼ਾਜਨਕ ਭੂਮਿਕਾ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਦਾ ਮੰਗ ਪੱਤਰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸਰਜੀਵਨ ਗੋਇਲ ਨੂੰ ਸੌਂਪਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸੰਤਰਾਮ ਛਾਜਲੀ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਹਰਦੇਵ ਸਿੰਘ ਬਖਸ਼ੀਵਾਲਾ ਅਤੇ ਵਰਿੰਦਰ ਕੌਸ਼ਿਕ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਸੂਬਾ ਆਗੂ ਮੰਗਤ ਰਾਮ ਲੌਂਗੋਵਾਲ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸੂਬੇ ਵਿੱਚ ਹੋ ਰਹੇ ਨਕਲੀ ਦੁੱਧ ਦੇ ਧੰਦੇ ’ਤੇ ਨੱਥ ਪਾਉਣ ਤੇ ਖੰਡ ਮਿੱਲਾਂ ਵੱਲ ਕਿਸਾਨਾਂ ਦਾ ਪਏ ਬਕਾਏ ਸਬੰਧੀ ਮੰਗਾਂ ਵੀ ਉਭਾਰੀਆਂ।
ਸਮਾਣਾ (ਸੁਭਾਸ਼ ਚੰਦਰ): ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਦੋਵੇਂ ਕੁੱਲ ਹਿੰਦ ਕਿਸਾਨ ਸਭਾਵਾਂ, ਜਮੂਹਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੇ ਭਾਰਤੀ ਕਿਸਾਨ ਯੂਨੀਅਨ (ਸ਼ਾਦੀਪੁਰ) ਨੇ ਸਮਾਣਾ ਵਿੱਚ ਰੋਸ ਮੁਜ਼ਾਹਰਾ ਕਰ ਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਕੈਂਪ ਆਫਿਸ ਸਾਹਮਣੇ ਧਰਨਾ ਦਿੱਤਾ। ਜਾਣਕਾਰੀ ਮੁਤਾਬਕ ਕਿਸਾਨ ਪਹਿਲਾਂ ਸਥਾਨਕ ਤਹਿਸੀਲ ਦੇ ਨਾਲ ਸਥਿਤ ਪਾਰਕ ਵਿੱਚ ਇਕੱਠੇ ਹੋਏ ਜਿਸ ਮਗਰੋਂ ਮੁਜ਼ਾਹਰਾ ਕਰ ਕੇ ਮੰਤਰੀ ਦੇ ਕੈਂਪ ਆਫ਼ਿਸ ਗਏ ਜਿੱਥੇ ਧਰਨਾ ਦੇਣ ਮਗਰੋਂ ਕੈਬਨਿਟ ਮੰਤਰੀ ਦੇ ਪੀ.ਏ. ਬਲਕਾਰ ਸਿੰਘ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਆਪ’ ਵਿਧਾਇਕ ਨੂੰ ਮੰਗ ਪੱਤਰ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਦੀਆਂ ਅਹਿਮ ਮੰਗਾਂ ਬਾਰੇ ‘ਆਪ’ ਵਿਧਾਇਕ ਬਰਿੰਦਰ ਗੋਇਲ ਦੇ ਦਫ਼ਤਰ ਵਿੱਚ ਉਸਦੀ ਗੈਰ-ਮੌਜੂਦਗੀ ’ਚ ਉਨ੍ਹਾਂ ਦੇ ਭਰਾ ਸਾਬਕਾ ਐਕਸੀਅਨ ਨਰਿੰਦਰ ਗੋਇਲ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਜਲੂਰ, ਲਛਮਣ ਸਿੰਘ ਅਲੀਸ਼ੇਰ, ਪੰਜਾਬ ਕਿਸਾਨ ਯੁੂਨੀਅਨ ਦੇ ਸਵਰਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਰਪੰਚ ਸਤਵੰਤ ਸਿੰਘ, ਲੋਕ ਚੇਤਨਾ ਮੰਚ ਦੇ ਜਗਜੀਤ ਭੁਟਾਲ, ਬਲਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਲੇਹਲ ਕਲਾਂ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਭੀਮ ਸਿੰਘ ਆਲਮਪੁਰ ਨੇ ਮੰਗ ਪੱਤਰ ’ਚ ਲੰਪੀ ਸਕਿਨ ਰੋਗਾਂ ਸਬੰਧੀ ਗੰਭੀਰ ਹਾਲਤ ਬਾਰੇ ਐਮਰਜੈਂਸੀ ਐਲਾਨਣ, ਗੰਨੇ ਦਾ ਭਾਅ 450 ਰੁਪਏ ਤੈਅ ਕਰਨ, ਦੁੱਧ ਦੇ ਰੇਟ ਤੇ ਨਕਲੀ ਦੁੱਧ ਦੀ ਰੋਕਥਾਮ, ਫ਼ਸਲਾਂ ਦੇ ਖਰਾਬੇ ਦੇ ਮੁਆਵਜ਼ੇ, ਦਰਿਆਵਾਂ ’ਚ ਡਿੱਗਦੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ, ਪਟਵਾਰ ਸਰਕਲਾਂ ਨੂੰ ਬਹਾਲ ਕਰਨ ਲਈ ਨਵੀਂ ਭਰਤੀ ਕਰਨ ਸਬੰਧੀ ਰੱਖੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ।
ਵਫ਼ਦ ਵੱਲੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਮੰਗ ਪੱਤਰ
ਪਟਿਆਲਾ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਇੱਕ ਵਫ਼ਦ ਨੇ ਵਿਧਾਇਕ ਡਾ. ਬਲਬੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਇਸ ਵਫ਼ਦ ਵਿੱਚ ਗੁਰਮੀਤ ਸਿੰਘ ਦਿੱਤੂਪੁਰ ਜ਼ਿਲ੍ਹਾ ਪ੍ਰਧਾਨ, ਲਖਵਿੰਦਰ ਸਿੰਘ ਸਨੌਰ ਬਲਾਕ ਪ੍ਰਧਾਨ ਅਤੇ ਪਟਿਆਲਾ ਬਲਾਕ ਪ੍ਰਧਾਨ ਸੰਦੀਪ ਕੌਰ ਸ਼ਾਮਲ ਸਨ। ਪੰਚਾਇਤ ਭਵਨ ਵਿੱਚ ਵਿਧਾਇਕ ਡਾ. ਬਲਬੀਰ ਸਿੰਘ ਨੂੰ ਮਿਲਦਿਆਂ ਵਫ਼ਦ ਮੈਂਬਰਾਂ ਨੇ ਕਿਹਾ ਕਿ ਲੰਪੀ ਸਕਿਨ ਰੋਗ ਦੀ ਰੋਕਥਾਮ ਅਤੇ ਗੰਨੇ ਦੇ ਭਾਅ ਅਤੇ ਬਕਾਇਆ ਰਾਸ਼ੀ ਦੀ ਅਦਾਇਗੀ, ਦੁੱਧ ਦੇ ਭਾਅ ਅਤੇ ਦਰਿਆਵਾਂ ਵਿੱਚ ਡਿੱਗਦੇ ਦੂਸ਼ਿਤ ਪਾਣੀ ਨਾਲ ਸਬੰਧਤ ਮੁੱਦੇ ਪੰਜਾਬ ਸਰਕਾਰ ਵੱਲੋਂ ਤੁਰੰਤ ਵਿਚਾਰੇ ਜਾਣ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਮਸਲੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। -ਪੱਤਰ ਪ੍ਰੇਰਕ