ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਅਗਸਤ
ਸ੍ਰੀ ਰਾਮ ਗਊਸ਼ਾਲਾ ਦੁਗਾਲ ਵਿੱਚ ਲੰਪੀ ਸਕਿਨ ਬਿਮਾਰੀ ਕਾਰਨ ਹਫ਼ਤੇ ਵਿੱਚ ਕਰੀਬ 70 ਗਾਵਾਂ ਦੀ ਮੌਤ ਹੋ ਚੁੱਕੀ ਹੈ। ਮਰੀਆਂ ਗਾਵਾਂ ਨੂੰ ਦੱਬਣ ਲਈ ਪ੍ਰਬੰਧਕਾਂ ਨੂੰ ਜ਼ਮੀਨ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਊਸ਼ਾਲਾ ਪ੍ਰਬੰਧਕਾਂ ਨੇ ਸਰਕਾਰ ਪ੍ਰਤੀ ਗਿਲਾ ਜ਼ਾਹਰ ਕੀਤਾ ਕਿ ਅਜੇ ਤੱਕ ਸਰਕਾਰ ਵੱਲੋਂ ਗਊ ਧਨ ਨੂੰ ਬਚਾਉਣ ਲਈ ਕੋਈ ਵੈਕਸੀਨ ਜਾਂ ਡਾਕਟਰ ਦਾ ਪ੍ਰਬੰਧ ਨਹੀਂ ਕੀਤਾ ਗਿਆ। ਅੱਜ ਗਊਸ਼ਾਲਾ ਵਿੱਚ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਵੈਕਸੀਨ ਤੇ ਡਾਕਟਰਾਂ ਦਾ ਪ੍ਰਬੰਧ ਕਰਨ ਲਈ ਉੱਚ ਅਧਿਕਾਰੀਆਂ ਅਤੇ ਮਰੀਆਂ ਗਊਆਂ ਨੂੰ ਦਬਾਉਣ ਲਈ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ।
ਇਸ ਮੌਕੇ ਸਾਬਕਾ ਸਰਪੰਚ ਮਨਜੀਤ ਸਿੰਘ ਕੁੱਕੂ, ਸ਼ੀਰਾ ਯਾਦਵ, ਗੁਰਪ੍ਰੀਤ ਨੰਬਰਦਾਰ, ਬਲਬੀਰ ਸਿੰਘ ਬੀਰਾ ਅਤੇ ਰਿੰਕੂ ਡਾਕਟਰ ਨੇ ਦੱਸਿਆ ਕਿ ਸਵਰਗੀ ਬਾਬਾ ਮੁਨੀ ਵੱਲੋਂ ਸਥਾਪਤ ਉਕਤ ਗਊਸ਼ਾਲਾ ਵਿੱਚ 4000 ਦੇ ਕਰੀਬ ਗਊਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਵੱਡੇ ਪੱਧਰ ’ਤੇ ਲੰਪੀ ਸਕਿਨ ਬਿਮਾਰੀ ਦੀਆਂ ਸ਼ਿਕਾਰ ਹੋਈਆਂ ਗਊਆਂ ਵਿੱਚੋਂ ਇੱਕ ਹਫ਼ਤੇ ਤੋਂ ਰੋਜ਼ਾਨਾ 10 ਤੋਂ 12 ਦੀ ਮੌਤ ਹੋ ਰਹੀ ਹੈ।
ਪਿੰਡ ਪੁੱਜੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਭਰੋਸਾ ਦਿਵਾਇਆ ਕਿ ਉਹ ਮਾਮਲਾ ਉੱਚ ਅਧਿਕਾਰੀਆਂ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਧਿਆਨ ਵਿੱਚ ਲਿਆ ਕੇ ਵੈਕਸੀਨ ਤੇ ਡਾਕਟਰਾਂ ਦਾ ਜਲਦ ਹੀ ਪ੍ਰਬੰਧ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਮਰੀਆਂ ਗਊਆਂ ਨੂੰ ਦਬਾਉਣ ਲਈ ਸਰਪੰਚ ਨੂੰ ਸ਼ਮਸ਼ਾਨਘਾਟ ਦੇ ਨੇੜੇ ਜਗ੍ਹਾ ਦੇਣ ਅਤੇ ਜੇਸੀਬੀ ਮਸ਼ੀਨ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਿਮਾਰੀ ’ਤੇ ਕਾਬੂ ਪਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਛੇਤੀ ਹੀ ਇਸ ’ਤੇ ਕਾਬੂ ਪਾ ਲਿਆ ਜਾਵੇਗਾ।