ਪੱਤਰ ਪ੍ਰੇਰਕ
ਰਾਜਪੁਰਾ, 31 ਮਈ
ਇਥੋਂ ਦੇ ਨਿਊ ਗਣੇਸ਼ ਨਗਰ ਕਲੋਨੀ ਅਤੇ ਪਟੇਲ ਪਬਲਿਕ ਸਕੂਲ ਨੇੜੇ ਦੁਪਹਿਰੇ ਪੀ.ਐਨ.ਜੀ (ਰਸੋਈ ਗੈਸ) ਦੀ ਜ਼ਮੀਨਦੋਜ਼ ਪਾਈਪਲਾਈਨ ਲੀਕ ਹੋਣ ਕਾਰਨ ਸਮੁੱਚੇ ਖੇਤਰ ਵਿੱਚ ਦਹਿਸ਼ਤ ਫੈਲ ਗਈ। ਸਮੇਂ ਸਿਰ ਲੀਕੇਜ ਬੰਦ ਕੀਤੇ ਜਾਣ ਨਾਲ ਕਿਸੇ ਕਿਸਮ ਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਟੋਰੈਂਟ ਗੈਸ ਕੰਪਨੀ ਵੱਲੋਂ ਸ਼ਹਿਰ ਵਾਸੀਆਂ ਨੂੰ ਜ਼ਮੀਨਦੋਜ਼ ਪਾਈਪ ਲਾਈਨ ਵਿਛਾ ਕੇ ਰਸੋਈ ਗੈਸ ਸਪਲਾਈ ਕੀਤੀ ਜਾ ਰਹੀ ਹੈ। ਨਿਊ ਗਣੇਸ਼ ਨਗਰ ਕਲੋਨੀ ਨੇੜੇ ਜਦੋਂ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਠੇਕੇਦਾਰ ਵੱਲੋਂ ਸੀਵਰੇਜ ਲਾਈਨ ਪਾਉਣ ਲਈ ਜੇ.ਸੀ.ਬੀ ਨਾਲ ਖਾਈ ਦੀ ਖੁਦਾਈ ਕੀਤੀ ਜਾ ਰਹੀ ਸੀ। ਉਸ ਸਮੇਂ ਜੇ.ਸੀ.ਬੀ ਨਾਲ ਨੇੜਿਓ ਲੰਘਦੀ ਪੀ.ਐਨ.ਜੀ (ਰਸੋਈ ਗੈਸ) ਦੀ ਪਾਈਪ ਲਾਈਨ ਟੁੱਟ ਗਈ। ਜਿਸ ਵਿੱਚ ਵੱਡੇ ਪੱਧਰ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਸਮੁੱਚੇ ਖੇਤਰ ਵਿੱਚ ਗੈਸ ਦੀ ਬਦਬੂ ਫੈਲ ਗਈ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸੂਚਿਤ ਕੀਤੇ ਜਾਣ ’ਤੇ ਮੌਕੇ ’ਤੇ ਪੁੱਜੇ ਟੋਰੈਂਟ ਕੰਪਨੀ ਦੇ ਅਧਿਕਾਰੀਆਂ ਨੇ ਥੋੜ੍ਹੀ ਦੂਰ ਲਗਾਏ ਗਏ ਵਾਲ ਨੂੰ ਬੰਦ ਕਰਕੇ ਉਸ ਖੇਤਰ ਦੀ ਗੈਸ ਸਪਲਾਈ ਰੋਕ ਦਿੱਤੀ। ਇਸ ਸਬੰਧੀ ਸੰਪਰਕ ਕਰਨ ’ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐਸ.ਡੀ.ਓ ਕਰਨਦੀਪ ਸਿੰਘ ਨੇ ਟੋਰੈਂਟ ਕੰਪਨੀ ’ਤੇ ਦੋਸ਼ ਲਗਾਇਆ ਕਿ ਟੋਰੈਂਟ ਕੰਪਨੀ ਵੱਲੋਂ ਗੈਸ ਪਾਈਪ ਲਾਈਨ ਵਿਛੀ ਹੋਣ ਸਬੰਧੀ ਕੋਈ ਇੰਡੀਗੇਟਰ ਨਹੀਂ ਲਗਾਇਆ ਗਿਆ ਜਿਸ ਕਾਰਨ ਇਹ ਘਟਨਾ ਵਾਪਰੀ। ਜਦੋਂ ਕਿ ਟੋਰੈਂਟ ਕੰਪਨੀ ਦੇ ਅਧਿਕਾਰੀ ਅਮਿਤ ਕੁਮਾਰ ਦਾ ਕਹਿਣਾ ਹੈ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਉਨ੍ਹਾਂ ਨੂੰ ਸੀਵਰੇਜ ਲਾਈਨ ਲਈ ਪੁਟਾਈ ਕਰਨ ਬਾਰੇ ਅਗਾਉਂ ਸੂਚਿਤ ਨਾ ਕੀਤੇ ਜਾਣ ਕਾਰਨ ਇਹ ਘਟਨਾ ਵਾਪਰੀ ਹੈ।