ਰਾਜਪੁਰਾ (ਪੱਤਰ ਪ੍ਰੇਰਕ): ਇੱਥੋਂ ਦੇ ਰਾਜਪੁਰਾ-ਪਟਿਆਲਾ ਰੋਡ ’ਤੇ ਕੱਲ੍ਹ ਦੇਰ ਰਾਤ ਕਨਿਕਾ ਗਾਰਡਨ ਕਲੋਨੀ ਦੀ ਕੱਪੜਾ ਮਾਰਕੀਟ ਸਾਹਮਣੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਕੱਪੜਾ ਵਪਾਰੀ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਕੇ ਲੈ ਗਏ। ਜਾਣਕਾਰੀ ਅਨੁਸਾਰ ਲੁਧਿਆਣੇ ਦਾ ਕੱਪੜਾ ਵਪਾਰੀ ਰਵੀਇੰਦਰ ਸਿੰਘ ਉਰਫ ਰਾਜਨ ਇੱਥੋਂ ਦੇ ਕਨਿਕਾ ਗਾਰਡਨ ਕਲੋਨੀ ਦੇ ਕੱਪੜਾ ਸ਼ੋਅਰੂਮ ਵਿੱਚ ਆਇਆ ਜਦੋਂ ਉਹ ਸ਼ੋਅਰੂਮ ਦੇ ਬਾਹਰ ਖੜ੍ਹੀ ਆਪਣੀ ਕਾਰ ਵਿੱਚ ਬੈਠਣ ਲੱਗਿਆ ਤਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਉਸ ਦਾ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਬੈਗ ਖੋਹਣ ਲੱਗੇ ਤਾਂ ਰਾਜਨ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਝਪਟਮਾਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਬੈਗ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਿਟੀ ਦੇ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਵਪਾਰੀ ਰਾਜਨ ਦੇ ਬੈਗ ਵਿੱਚ 12 ਹਜਾਰ ਰੁਪਏ ਦੀ ਨਕਦੀ ਅਤੇ ਕੁਝ ਚੈੱਕ ਸਨ। ਬੈਗ ਖੋਹਣ ਵਾਲਿਆਂ ਨੂੰ ਕਾਬੂ ਕਰਨ ਲਈ ਕੱਪੜੇ ਦੇ ਸ਼ੋਅਰੂਮ ਤੇ ਹੋਰ ਸੜਕ ਨੇੜਲੇ ਸੀ.ਸੀ ਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਮੁਲਜਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।