ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 13 ਅਗਸਤ
ਨੇੜਲੇ ਪਿੰਡ ਨਮੋਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ ਥਾਪਣ ਆਏ ਸੀਨੀਅਰ ਅਕਾਲੀ ਆਗੂ ਗੋਬਿੰਦ ਸਿੰਘ ਲੌਂਗੋਵਾਲ ਦੇ ਪੁੱਤਰ ਨਵਇੰਦਰ ਸਿੰਘ ਲੌਂਗੋਵਾਲ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਹੀ ਭਿਣਕ ਪੈ ਗਈ ਸੀ ਕਿ ਭਾਈ ਲੌਂਗੋਵਾਲ ਦਾ ਬੇਟਾ ਪਿੰਡ ਵਿੱਚ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਲੋਕ ਕਾਲੇ ਝੰਡੇ ਚੁੱਕ ਕੇ ਅਕਾਲੀ ਆਗੂ ਦਾ ਵਿਰੋਧ ਕਰਨ ਲਈ ਪਹੁੰਚ ਗਏ। ਲੋਕਾਂ ਨੇ ਦੋਸ਼ ਲਾਇਆ ਕਿ ਨੌਜਵਾਨ ਅਕਾਲੀ ਆਗੂ ਨੇ ਲੋਕਾਂ ਨਾਲ ਨਿਮਰਤਾ ਨਾਲ ਗੱਲ ਕਰਨ ਦੀ ਬਜਾਏ ਕਥਿਤ ਤੌਰ ’ਤੇ ਹੈਂਕੜ ਭਰੇ ਰਵੱਈਆ ਅਪਣਾਇਆ।
ਰੋਹ ਵਿੱਚ ਆਏ ਲੋਕਾਂ ਨੇ ਕਿਹਾ ਕਿ ਇਕ ਪਾਸੇ ਕਿਸਾਨ ਸੜਕਾਂ ’ਤੇ ਰੁਲ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਪਾਰਟੀ ਦੇ ਵਿਸਥਾਰ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ ਵਿੱਚ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਨਹੀਂ ਆਉਣ ਦੇਣਗੇ।
ਉਧਰ ਨਵਇੰਦਰ ਸਿੰਘ ਲੌਂਗੋਵਾਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੱਦੇਨਜ਼ਰ ਪਿੰਡ ਵਿੱਚ ਆਏ ਸਨ। ਲੋਕਾਂ ਨੂੰ ਕੋਈ ਗ਼ਲਤਫਹਿਮੀ ਹੋ ਗਈ। ਨੌਜਵਾਨ ਅਕਾਲੀ ਆਗੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਸੰਘਰਸ਼ ਦੀ ਮਦਦ ਕਰਦੇ ਹਨ।