ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 3 ਮਈ
ਪੰਜਾਬ ਸਰਕਾਰ ਵੱਲੋਂ ਮਿੰਨੀ ਲੌਕਡਾਊਨ ਲਗਾਉਣ ਕਾਰਨ ਇਸ ਸਬੰਧੀ ਕੌਮੀ ਸ਼ਾਹ ਮਾਰਗ (ਦਿੱਲੀ-ਅੰਮ੍ਰਿਤਸਰ ਜੀ.ਟੀ ਰੋਡ) ’ਤੇ ਸ਼ੰਭੂ ਬੈਰੀਅਰ ਰਾਹੀਂ ਪੰਜਾਬ ਵਿੱਚ ਪ੍ਰਵੇਸ਼ ਕਰਨ ਵਾਲੇ ਰਾਹਗੀਰਾਂ ਨੂੰ ਪੂਰੀ ਜਾਣਕਾਰੀ ਨਾ ਹੋਣ ’ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਹੋਰਨਾਂ ਰਾਜਾਂ ਤੋਂ ਇਸ ਮਾਰਗ ਰਾਹੀਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਦੋ ਪਹੀਆ, ਚਾਰ ਪਹੀਆ ਵਾਹਨ ਅਤੇ ਬੱਸ ਸਵਾਰਾਂ ਦੀ ਚੈਕਿੰਗ ਲਈ ਸ਼ੰਭੂ ਪੁਲੀਸ ਵੱਲੋਂ ਸ਼ੰਭੂ ਬੈਰੀਅਰ ਵਿਖੇ ਨਾਕਾਬੰਦੀ ਕਰਕੇ ਵਾਹਨ ਸਵਾਰਾਂ ਪਾਸੋਂ 72 ਘੰਟੇ ਪਹਿਲਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਜਾਂ ਦੋ ਹਫਤੇ ਪਹਿਲਾਂ ਦਾ ਵੈਕਸੀਨੇਸ਼ਨ ਸਰਟੀਫਿਕੇਟ ਦੀ ਮੰਗ ਕੀਤੀ ਗਈ। ਜਿਨ੍ਹਾਂ ਵਾਹਨ ਸਵਾਰਾਂ ਕੋਲ ਇਨ੍ਹਾਂ ਦੋਵਾਂ ਵਿੱਚੋਂ ਇੱਕ ਵੀ ਰਿਪੋਰਟ ਨਹੀਂ ਸੀ। ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵਾਪਸ ਮੋੜ ਦਿੱਤਾ ਗਿਆ। ਜਾਂ ਫਿਰ ਜਿਹੜੇ ਵਾਹਨ ਸਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਲੌਕਡਾਊਨ ਦੇ ਨਿਯਮਾਂ ਬਾਰੇ ਜਾਣਕਾਰੀ ਨਹੀਂ ਸੀ ਅਤੇ ਦੂਰ ਦੂਰਾਡੇ ਤੋਂ ਪਰਿਵਾਰਾਂ ਸਮੇਤ ਪੰਜਾਬ ਵਿੱਚ ਦਾਖਲ ਹੋ ਰਹੇ ਸਨ, ਨੂੰ ਪਹਿਲੇ ਦਿਨ ਵਾਰਨਿੰਗ ਦੇ ਕੇ ਪੰਜਾਬ ਵਿੱਚ ਪਰਵੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਸਬੰਧੀ ਸੰਪਰਕ ਕਰਨ ’ਤੇ ਡੀ.ਐਸ.ਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲੀਸ ਨਫਰੀ ਘੱਟ ਹੋਣ ਦੇ ਬਾਵਜੂਦ ਸ਼ੰਭੂ ਬੈਰੀਅਰ ’ਤੇ ਸਰਕਾਰੀ ਹਦਾਇਤਾਂ ਅਨੁਸਾਰ ਵਾਹਨ ਸਵਾਰਾਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਗਈ ਹੈ। ਜਿਹੜੇ ਵਾਹਨ ਸਵਾਰਾਂ ਕੋਲ ਕਰੋਨਾ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਨਹੀਂ ਸਨ, ਨੂੰ ਵਾਪਸ ਜਾਣਾ ਪਿਆ। ਇਸ ਤੋਂ ਇਲਾਵਾ ਦਰਜਨ ਤੋਂ ਵੱਧ ਵਾਹਨ ਸਵਾਰਾਂ ਦੇ ਚਲਾਨ ਕੱਟੇ ਗਏ। ਦੂਰ ਦੂਰਾਡੇ ਤੋਂ ਆਉਣ ਵਾਲੇ ਅਤੇ ਪੰਜਾਬ ਵਿੱਚ ਅੱਜ ਤੋਂ ਮਿੰਨੀ ਲੌਕਡਾਊਨ ਲੱਗਣ ਤੋਂ ਅਣਜਾਣ ਵਾਹਨ ਸਵਾਰਾਂ ਨੂੰ ਵਾਰਨਿੰਗ ਦੇ ਕੇ ਆਉਣ ਦੀ ਇਜਾਜ਼ਤ ਦਿੱਤੀ ਗਈ। ਸ੍ਰੀ ਟਿਵਾਣਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਪਾਸੋਂ ਸ਼ੰਭੂ ਬੈਰੀਅਰ ਵਿਖੇ 24 ਘੰਟੇ ਨਾਕਾਬੰਦੀ ਕਰਨ ਲਈ ਹੋਰ ਫੋਰਸ ਦੀ ਮੰਗ ਕੀਤੀ ਗਈ ਹੈ।
ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਟਰੈਫਿਕ ਪੁਲੀਸ ਪਾਤੜਾਂ ਵੱਲੋਂ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਨਾਕੇਬੰਦੀ ਕਰਕੇ ਚਲਾਨ ਕਟਦਿਆਂ ਟ੍ਰੈਫਿਕ ਇੰਚਾਰਜ ਹਰਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਸੂਬੇ ਵਿੱਚ ਤਾਲਾਬੰਦੀ ਕੀਤੀ ਗਈ ਹੈ ਜਿਸ ਤਹਿਤ ਜ਼ਰੂਰੀ ਵਸਤਾ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ। ਲੌਕਡਾਊਨ ਦੌਰਾਨ ਭਾਵੇਂ ਆਉਣ-ਜਾਣ ਉਤੇ ਕਿਸੇ ਤਰ੍ਹਾਂ ਦੀ ਮਨਾਹੀ ਦੇ ਹੁਕਮ ਲਾਗੂ ਨਹੀਂ ਕੀਤੇ ਗਏ ਪਰ ਇਸ ਸਬੰਧੀ ਜਾਰੀ ਕੀਤੇ ਹੁਕਮਾਂ ਤਹਿਤ ਵਾਹਨ ਚਾਲਕ ਦੋ ਪਹੀਆ ਵਾਹਨ ਉੱਤੇ ਸਿਰਫ ਇੱਕ ਤੇ ਕਾਰ ਵਿਚ ਸਿਰਫ ਦੋ ਹੀ ਵਿਅਕਤੀ ਸਵਾਰ ਹੋ ਸਕਦੇ ਹਨ। ਇਸ ਦੇ ਨਾਲ ਹੀ ਹਰ ਇੱਕ ਵਿਅਕਤੀ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਐਸਆਈ ਬਲਜੀਤ ਸਿੰਘ, ਹੌਲਦਾਰ ਰਘਬੀਰ ਸਿੰਘ, ਜਸਪਾਲ ਸਿੰਘ, ਅਤੇ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।