ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜਨਵਰੀ
ਇੱਥੇ ਅੱਜ ਲਗਾਤਾਰ ਦੂਜੇ ਦਿਨ ਵੀ ਮੀਂਹ ਪੈਂਦਾ ਰਿਹਾ ਜਿਸ ਕਾਰਨ ਤਾਪਮਾਨ ਡਿੱਗ ਗਿਆ ਅਤੇ ਠੰਢ ਵਧ ਗਈ ਹੈ। ਮੌਸਮ ਦੇ ਵਿਗੜੇ ਮਿਜਾਜ਼ ਨੇ ਜਨਜੀਵਨ ਠੱਪ ਕਰਕੇ ਰੱਖ ਦਿੱਤਾ ਹੈ। ਇਸ ਖੇਤਰ ’ਚ ਚੱਲ ਰਹੇ ਕਈ ਵਿਕਾਸ ਸਬੰਧੀ ਪ੍ਰਾਜੈਕਟਾਂ ’ਚ ਵੀ ਖੜੋਤ ਆਈ ਹੈ ਅਤੇ ਲੋਕਾਂ ਦੇ ਨਿੱਜੀ ਕੰਮ ਵੀ ਪ੍ਰਭਾਵਿਤ ਹੋਏ ਹਨ। ਉਧਰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਕਾਰਨ ਲੋਕ ਪਹਿਲਾਂ ਹੀ ਜੂਝ ਰਹੇ ਸਨ ਤੇ ਹੁਣ ਦੋ ਦਿਨਾ ਦੀ ਇਸ ਝੜੀ ਨੇ ਜਨਜੀਵਨ ਨੂੰ ਹੋਰ ਵੀ ਪ੍ਰਭਾਵਿਤ ਕੀਤਾ ਹੈ। ਖਾਸ ਕਰਕੇ ਮਜ਼ਦੂਰ ਵਰਗ ਲਈ ਮੀਂਹ ਦਾ ਇਹ ਮੌਸਮ ਹੋਰ ਵੀ ਜ਼ਿਆਦਾ ਨੁਕਸਾਨਦਾਇਕ ਰਿਹਾ ਹੈ। ਕਿਉਂਕਿ ਰੋਜ਼ਾਨਾ ਮਿਹਨਤ ਕਰਕੇ ਖਾਣ ਵਾਲਿਆਂ ਵਿੱਚੋਂ ਬਹੁਤਿਆਂ ਨੂੰ ਕੰਮ ਨਾ ਮਿਲਣ ਕਰਕੇ ਵਿਹਲੇ ਰਹਿਣਾ ਪਿਆ ਹੈ। ਦੋ ਦਿਨਾਂ ਤੋਂ ਬਾਜ਼ਾਰ ਵੀ ਬੇਰੌਣਕੇ ਹੀ ਹਨ ਜਿਸ ਕਾਰਨ ਦੁਕਾਨਦਾਰ ਵਿਹਲੇ ਬਹਿ ਕੇ ਮੁੜ ਜਾਂਦੇ ਹਨ।
ਦੂਜੇ ਬੰਨ੍ਹੇ ਮੀਂਹ ਦੇ ਇਸ ਮੌਸਮ ਨੂੰ ਸਿਹਤ ਵਿਭਾਗ ਵੱਲੋਂ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਦੱਸਿਆ ਜਾ ਰਿਹਾ ਹੈ। ਖਾਸ ਕਰਕੇ ਇਹ ਮੌਸਮ ਬਜ਼ੁਰਗਾਂ ਅਤੇ ਬੱਚਿਆਂ ਲਈ ਹੋਰ ਵੀ ਵਧੇਰੇ ਨੁਕਸਾਨਦਾਇਕ ਦੱਸਿਆ ਗਿਆ ਹੈ। ਛਾਤੀ ਰੋਗਾਂ ਦੇ ਮਾਹਰ ਅਤੇ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਦਾ ਕਹਿਣਾ ਸੀ ਕਿ ਰੁਟੀਨ ’ਚ ਪੈ ਰਹੀ ਸਰਦੀ ਸਮੇਤ ਹੁਣ ਦੋ ਦਿਨਾ ਤੋਂ ਪੈ ਰਹੀ ਹਲਕੀ ਬਾਰਸ਼ ਦੌਰਾਨ ਬਿਮਾਰੀਆਂ ਵਧਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਲੋਕਾਂ ਨੂੰ ਸੁਚੇਤ ਕਰਦਿਆਂ, ਉਨ੍ਹਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਦਾ ਹੋਰ ਵੀ ਖਾਸ ਧਿਆਨ ਰੱਖਣ ਦੀ ਲੋੜ ਹੈੈ। ਦਿਲ ਦੇ ਰੋਗਾਂ ਦੇ ਮਰੀਜ਼ਾਂ ਨੂੰ ਸੁਚੇਤ ਕਰਦਿਆਂ, ਉਨ੍ਹਾਂ ਸਵੇਰ ਅਤੇ ਸ਼ਾਮ ਨੂੰ ਘਰਾਂ ਵਿੱਚੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਡਾ. ਵਿਕਾਸ ਗੋਇਲ ਦਾ ਕਹਿਣਾ ਸੀ ਕਿ ਅਜਿਹੀ ਠੰਢ ਦੋਰਾਨ ਛੋਟੇ ਬੱਚਿਆਂ ਨੂੰ ਨਿਮੋਨੀਆ ਹੋਣ ਦਾ ਖਤਰਾ ਹੈ। ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ ਅਤੇ ਦਸਤ ਵੀ ਲੱਗ ਸਕਦੇ ਹਨ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਠੰਢ ਤੋਂ ਬਚਣ ਲਈ ਕਈ ਪਰਿਵਾਰ ਰਾਤ ਨੂੰ ਕਮਰੇ ’ਚ ਅੰਗੀਠੀ ਬਾਲ ਲੈਂਦੇ ਹਨ,ਪਰ ਇਹ ਪ੍ਰਕਿਰਿਆ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦੀ ਹੈ। ਕਿਉਂਕਿ ਜੇਕਰ ਕਿਸੇ ਕਮਰੇ ’ਚ ਹਵਾ ਨਾ ਕਰਾਸ ਹੋਵੇ ਤਾਂ ਲੰਮਾ ਸਮਾਂ ਅੰਗੀਠੀ ਚੱਲਣ ਕਾਰਨ ਬਣਨ ਵਾਲ਼ੀ ਗੈਸ ਅਤੇ ਧੂੰਏਂ ਦੌਰਾਨ ਦਮ ਘੁਟ ਸਕਦਾ ਹੈ ਤੇ ਆਕਸੀਨ ਦੀ ਕਮੀ ਆ ਜਾਣ ਕਾਰਨ ਮੌਤ ਵੀ ਹੋ ਸਕਦੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅਜੇ ਦੋ ਦਿਨ ਹੋਰ ਮੀਂਹ ਵਾਲ਼ਾ ਹੀ ਮੌਸਮ ਰਹਿਣ ਦੀ ਪੇਸ਼ੀਨਗੋਈ ਵੀ ਕੀਤੀ ਹੈ
ਸੰਗਰੂਰ (ਗੁਰਦੀਪ ਸਿੰਘ ਲਾਲੀ): ਬੱਦਲਵਾਈ, ਧੁੰਦ ਅਤੇ ਸੀਤ ਲਹਿਰ ਪੂਰੇ ਜ਼ੋਰਾਂ ’ਤੇ ਹੈ। ਕੜਾਕੇ ਦੀ ਪੈ ਰਹੀ ਠੰਢ ਨੇ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ। ਮਾਘ ਮਹੀਨੇ ਦਾ ਸੂਰਜ ਅਸਮਾਨ ’ਚ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਲੋਕ ਧੁੱਪ ਨੂੰ ਤਰਸ ਗਏ ਹਨ। ਮਾਘ ਮਹੀਨਾ ਚੜ੍ਹਦਿਆਂ ਹੀ ਕੜਾਕੇ ਦੀ ਠੰਡ ਨੇ ਜ਼ੋਰ ਫੜ੍ਹ ਲਿਆ ਸੀ। ਵਗ਼ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਠੰਢ ਨੇ ਆਮ ਲੋਕਾਂ ਦੇ ਕੰਮਕਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਕਿਉਂਕਿ ਠੰਢ ਕਾਰਨ ਹੱਥੀਂ ਕੰਮ ਕਰਨ ਵਾਲਿਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਤੋਂ ਬਚਣ ਲਈ ਲੋਕ ਮਜਬੂਰੀ ਵੱਸ ਕੰਮਾਂਕਾਰਾਂ ਲਈ ਘਰੋਂ ਬਾਹਰ ਨਿਕਲਦੇ ਹਨ। ਲੋਕਾਂ ਵਲੋਂ ਜਿਥੇ ਗਰਮ ਕੱਪੜਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਉੱਥੇ ਘਰਾਂ ’ਚ ਹੀਟਰ ਬਾਲ ਕੇ ਠੰਢ ਤੋਂ ਬਚਾ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੂੰ ਘਰਾਂ ਵਿੱਚ ਕੱਪੜੇ ਧੋਣ ਮਗਰੋਂ ਸੁਕਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਕਈ ਦਿਨ ਕੱਪੜੇ ਨਹੀਂ ਸੁੱਕ ਰਹੇ। ਕਿਸਾਨਾਂ ਨੂੰ ਘਰਾਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਵਿੱਚ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਠੰਢ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਝਿਜਕਦੇ ਹਨ। ਉਧਰ ਠੰਢ ਦੇ ਮੌਜੂਦਾ ਮੌਸਮ ਨੂੰ ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਅਜੇ ਵੀ ਅਗਲੇ ਦਿਨਾਂ ’ਚ ਠੰਢ ਤੋਂ ਰਾਹਤ ਦੀ ਸੰਭਾਵਨਾ ਨਹੀਂ ਹੈ।