ਖੇਤਰੀ ਪ੍ਰਤੀਨਿਧ
ਪਟਿਆਲਾ, 15 ਨਵੰਬਰ
ਜ਼ਿਲ੍ਹੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਹਰੇਕ ਬਲਾਕ ਦੇ 5 ਪਿੰਡਾਂ ਨੂੰ ਛੋਟੀਆਂ ਲਾਇਬ੍ਰੇਰੀਆਂ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਕੜੀ ਵਜੋਂ ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਰਾਜ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਬਲਾਕ ਸਮਿਤੀਆਂ ਦੇ ਚੇਅਰਮੈਨ ਅਸ਼ਵਨੀ ਬੱਤਾ ਸਮੇਤ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਦੇ ਹੋਰਨਾਂ ਚੇਅਰਮੈਨਾਂ ਨੂੰ 15 ਲਾਇਬ੍ਰੇਰੀਆਂ ਸੌਂਪੀਆਂ।
ਊਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 15ਵੇਂ ਵਿੱਤ ਕਮਿਸ਼ਨ ਤਹਿਤ ਇਹ ਲਾਇਬ੍ਰੇਰੀਆਂ ਪਿੰਡਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਤੇ ਨੌਜਵਾਨਾਂ ਨੂੰ ਪੜ੍ਹਨ ਦੀ ਚੇਟਕ ਲੱਗ ਸਕੇ। ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀਆਂ ਛੋਟੇ ਬਕਸਿਆਂ ਦੇ ਰੂਪ ’ਚ ਹਨ, ਜਿਨ੍ਹਾਂ ਵਿੱਚ ਕਿਤਾਬਾਂ ਰੱਖੀਆਂ ਜਾਣਗੀਆਂ ਅਤੇ ਇਨ੍ਹਾਂ ਨੂੰ ਪਿੰਡਾਂ ਵਿੱਚ ਕਿਸੇ ਸਾਂਝੀ ਥਾਂ ’ਤੇ ਰੱਖਿਆ ਜਾ ਸਕੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਲੋਕਾਂ ’ਚ ਕਿਤਾਬਾਂ ਤੇ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬਲਾਕ ਸਮਿਤੀਆਂ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ, ਬਲਾਕ ਸਮਿਤੀ ਰਾਜਪੁਰਾ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਬਲਾਕ ਸਮਿਤੀਆਂ ਪਟਿਆਲਾ ਦੇ ਚੇਅਰਮੈਨ ਤਰਸੇਮ ਸਿੰਘ ਝੰਡੀ ਅਮੇਤ ਅਰਚਨਾ ਰਾਣੀ ਸ਼ੰਭੂ ਕਲਾਂ, ਸੋਨੀ ਸਿੰਘ ਸਮਾਣਾ, ਕਿਰਨਾ ਰਾਣੀ ਪਾਤੜਾਂ ਸਮੇਤ ਸਹਾਇਕ ਕਮਿਸ਼ਨਰ (ਆਈ.ਏ.ਐਸ. ਯੂ.ਟੀ.) ਡਾ. ਨਿਰਮਲ ਓਸੀਪਚਨ, ਸਕੱਤਰ ਜ਼ਿਲ੍ਹਾ ਪਰਿਸ਼ਦ ਰੂਪ ਸਿੰਘ ਮੌਜੂਦ ਸਨ।