ਖੇਤਰੀ ਪ੍ਰਤੀਨਿਧ
ਪਟਿਆਲਾ, 7 ਜਨਵਰੀ
‘ਸਰਵ ਸੰਪਰਦਾਇ ਸਾਧੂ ਮੰਡਲ ਪਟਿਆਲਾ ਅਤੇ ਭੇਖ ਖਟ ਦਰਸ਼ਨ ਸਾਧੂ ਸਮਾਜ ਮਹਾਂਮੰਡਲ ਪੰਜਾਬ’ ਵੱਲੋਂ ਅੱਜ ਇੱਥੇ ‘ਵਿਰਾਟ ਸੰਤ ਸਮੇਲਨ’ ਦੇ ਬੈਨਰ ਹੇਠ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਮਹੰਤ ਆਤਮਾ ਰਾਮ, ਸਵਾਮੀ ਹਰਿ ਚੇਤਨਾ ਨੰਦ ਹਰਿਦੁਆਰ ਅਤੇ ਮਹੰਤ ਬਿਕਰਮਜੀਤ ਸਿੰਘ ਵੱਲੋਂ ਹਿੰਦੂ ਡੇਰਿਆਂ ਨਾਲ ਸਬੰਧਿਤ ਮਸਲੇ ਉਨ੍ਹਾਂ ਦੇ ਸਨਮੁੱਖ ਰੱਖੇ।
ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਹਿੰਦੂ ਡੇਰੇ ਦੇ ਗੱਦੀਨਸ਼ੀਨ ਦੇ ਚੇਲੇ ਨੂੰ ਹੀ ਡੇਰਾ ਦਾ ਮੁਖੀ ਹੋਣ ਸਬੰਧੀ ਪੰਜਾਬ ਸਰਕਾਰ ਜਲਦੀ ਹੀ ਕਾਨੂੰਨ ਬਣਾਵੇਗੀ। ਜੇ ਕੋਈ ਗੱਦੀਨਸ਼ੀਨ ਵਸੀਅਤ ਨਾ ਕਰ ਕੇ ਗਿਆ ਹੋਵੇ, ਤਾਂ ਉਸ ਸਬੰਧੀ ਡੇਰੇ ਨਾਲ਼ ਸਬੰਧਿਤ ਧਿਰਾਂ ਵੱਲੋਂ ਲਿਆ ਜਾਣ ਵਾਲ਼ਾ ਫ਼ੈਸਲਾ ਹੀ ਸਰਕਾਰ ਪ੍ਰਵਾਨ ਕਰੇਗੀ। ਇਸ ਨੂੰ ਕਾਨੂੰਨ ਦਾ ਦਰਜਾ ਦੇਣ ਦੀ ਕਾਰਵਾਈ ਭਲਕੇ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ।
ਭਜਨ ਨਾਲ ਸ਼ੁਰੂ ਹੋਏ ਇਸ ਵਿਰਾਟ ਸੰਤ ਸੰਮੇਲਨ ’ਚ ਸਵਾਮੀ ਹਰਿ ਚੇਤਨਾ ਨੰਦ ਹਰਿਦੁਆਰ, ਮਹੰਤ ਕਮਲ ਦਾਸ, ਮਹੰਤ ਦਮੋਦਰ ਦਾਸ, ਮਹੰਤ ਵੰਸੀ ਪੁਰੀ ਪਹੇਵਾ, ਸਵਾਮੀ ਪਰਮਹੰਸ ਕੁਰੂਕਸ਼ੇਤਰ, ਮਹੰਤ ਪਰਮਾਨੰਦ ਜੰਡਿਆਲਾ ਗੁਰੂ, ਮਹੰਤ ਦਿਵਯਾਅੰਬਰ ਮੁਨੀ ਅੰਮ੍ਰਿਤਸਰ, ਮਹੰਤ ਹਰੀਹਰ ਦਾਸ ਚੌਰੇ ਵਾਲੇ, ਮਹੰਤ ਤਰਨਪ੍ਰਸ਼ਾਦ ਪਹੇਵਾ, ਮਹੰਤ ਸਰੂਪਾਨੰਦ ਬਠਿੰਡਾ, ਮਹੰਤ ਸ਼ਾਂਤਾਨੰਦ ਬੀਰੋਕੇ ਮਾਨਸਾ, ਕਮਲ ਦਾਸ, ਮਹੰਤ ਰਮੇਸ਼ ਮੁਨੀ ਤਲਵੰਡੀ ਸਾਬੋ, ਮਹੰਤ ਅੰਮ੍ਰਿਤ ਮੁਨੀ ਮਾਨਸਾ, ਨਰੇਸ਼ ਪਾਠਕ, ਰਤਨਜੀਤ ਸਿੰਘ, ਮਹੰਤ ਬਚਨ ਦਾਸ, ਮਹੰਤ ਸਚਿਦਾਨੰਦ ਗੁਰਮਾ ਆਦਿ ਸ਼ਾਮਲ ਹੋਏ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮਹੰਤ ਆਤਮਾ ਰਾਮ ਦੀ ਫ਼ਿਕਰਮੰਦੀ ਕਰ ਕੇ ਪੰਜਾਬ ਸਰਕਾਰ ਡੇਰਾ ਸੰਤਾਂ ਤੇ ਸਾਧੂ ਸਮਾਜ ਦੀਆਂ ਦਿਕਤਾਂ ਦੂਰ ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਵਚਨਬੱਧ ਹੈ।
ਇਸ ਦੌਰਾਨ ਵਿਧਾਇਕ ਹਰਦਿਆਲ ਕੰਬੋਜ, ਪੀਆਰਟੀਸੀ ਚੇਅਰਮੈਨ ਸਤਵਿੰਦਰ ਚੈੜੀਆਂ, ਯੂਥ ਆਗੂ ਮੋਹਿਤ ਮੋਹਿੰਦਰਾ, ਹਰਪ੍ਰੀਤ ਚੀਮਾ, ਟਿਊਬਵੈਲ ਕਾਰਪੋਰੇਸ਼ਨ ਦੇ ਚੇਅਰਮੈਨ ਮਹੰਤ ਹਰਵਿੰਦਰਘ ਖਨੌੜਾ, ਆਈਟੀ ਦੇ ਚੇਅਰਮੈਨ ਸੰਤ ਬਾਂਗਾ, ਚੇਅਰਮੈਨ ਜਗਜੀਤ ਸੱਗੂ ਆਦਿ ਵੀ ਹਾਜ਼ਰ ਸਨ।
ਉਜਾੜਾ ਰੋਕੂ ਸੰਘਰਸ਼ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਉਜਾੜਾ ਰੋਕੂ ਸੰਘਰਸ਼ ਕਮੇਟੀ ਸੀਲ ਕੈਮੀਕਲ ਰਾਜਪੁਰਾ ਵੱਲੋਂ ਕੰਪਨੀ ਵੱਲੋਂ ਐਕੁਆਇਰ ਅਣਵਰਤੀ ਪਈ 533 ਏਕੜ ਜ਼ਮੀਨ ਵਾਪਸੀ ਦੀ ਮੰਗ ਲਈ ਕਿਸਾਨਾਂ ਵੱਲੋਂ ਧਰਨਾ ਅੱਜ 19ਵੇਂ ਦਿਨ ਜਾਰੀ ਰਿਹਾ। ਧਰਨੇ ਦੀ ਪ੍ਰਧਾਨਗੀ ਕਿਸਾਨ ਬੀਬੀਆਂ ਰਿੱਤੂ ਸੈਣੀ, ਸੋਨੀਆ, ਲਾਭ ਕੌਰ, ਬਲਵੀਰ ਕੌਰ ਅਤੇ ਕਰਮਜੀਤ ਕੌਰ ਨੇ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਾਜਪੁਰਾ ਫੇਰੀ ਮੌਕੇ ਸੰਘਰਸ਼ ਕਮੇਟੀ ਦੇ ਕਨਵੀਨਰ ਲਸ਼ਕਰ ਸਿੰਘ ਸਰਦਾਰਗੜ੍ਹ, ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ, ਇਕਬਾਲ ਸਿੰਘ ਮੰਡੌਲੀ ਅਤੇ ਨਿਰੰਜਣ ਸਿੰਘ ’ਤੇ ਆਧਾਰਿਤ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ। ਉਨ੍ਹਾਂ ਅਣਵਰਤੀ ਜ਼ਮੀਨ ਸਬੰਧੀ ਦਸਤਾਵੇਜ਼ ਸੌਂਪ ਕੇ ਜ਼ਮੀਨ ਅਸਲ ਮਾਲਕਾਂ ਨੂੰ ਦੇਣ ਦੀ ਮੰਗ ਕੀਤੀ। ਇਸ ਮਗਰੋਂ ਕਿਸਾਨਾਂ ਨੇ ਟਰੈਕਟਰਾਂ ਦਾ ਕਾਫ਼ਲਾ ਲੈ ਕੇ ਲਬਿਰਟੀ ਚੌਕ, ਟਾਹਲੀ ਵਾਲਾ ਚੌਕ ਅਤੇ ਗਗਨ ਚੌਕ ਤੋਂ ਹੋ ਕੇ ਦਮਨਹੇੜੀ ਤੱਕ ਟਰੈਕਟਰ ਰੈਲੀ ਕੱਢੀ। ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਅਣਵਰਤੀ ਜ਼ਮੀਨ ਮਾਲਕਾਂ ਨੂੰ ਨਹੀਂ ਦਿੱਤੀ ਜਾਂਦੀ, ਧਰਨਾ ਜਾਰੀ ਰਹੇਗਾ। ਆਗੂਆਂ ਨੇ ਭਰਾਤਰੀ ਜਥੇਬੰਦੀਆਂ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪਿਆਰਾ ਸਿੰਘ, ਕਰਮ ਸਿੰਘ, ਬਲਜੀਤ ਸਿੰਘ ਖੜੋਲੀ, ਪੱਪੂ ਰਾਮ, ਬਲਦੇਵ ਸਿੰਘ, ਸਿੰਦਰ ਕੌਰ, ਬਿਮਲਾ ਰਾਣੀ ਅਤੇ ਕਰਮਜੀਤ ਕੌਰ ਸਣੇ ਹੋਰ ਮੌਜੂਦ ਸਨ।
ਸਫ਼ਾਈ ਸੇਵਕ ਯੂਨੀਅਨ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਰਾਜਪੁਰਾ ਫੇਰੀ ਮੌਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਹੰਸ ਰਾਜ ਬਨਵਾੜੀ ਅਤੇ ਸੀਵਰ ਬੋਰਡ ਦੇ ਪ੍ਰਧਾਨ ਸੰਜੀਵ ਕੁਮਾਰ ਸੰਜੂ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਿਚ ਉਨ੍ਹਾਂ ਮੰਗ ਕੀਤੀ ਕਿ ਲੋਕਲ ਬਾਡੀ ਮੰਤਰੀ ਨਾਲ ਯੂਨੀਅਨ ਦੀਆਂ ਮੀਟਿੰਗਾਂ ਵਿਚ ਭਰੋਸਾ ਦਿੱਤਾ ਗਿਆ ਸੀ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਚਲੇ ਸੀਵਰ ਮੈਨਾਂ ਨੂੰ ਪੱਕਾ ਕੀਤਾ ਜਾਵੇਗਾ, 16 ਅਗਸਤ 2021 ਤੋਂ ਪਹਿਲਾਂ ਸੰਸਥਾਵਾਂ ਵਿਚ ਆਊਟ ਸੋਰਸਿਜ਼ ਅਤੇ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਸੀਵਰਮੈਨਾਂ ਦੀ ਮੁੱਖ ਸੇਵਾ ਨੂੰ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸੀਵਰਮੈਨਾਂ ਅਤੇ ਗੰਦ ਚੁੱਕਣ ਵਾਲੀਆਂ ਮਸ਼ੀਨਾਂ ਦੇ ਡਰਾਈਵਰਾਂ ਨੂੰ ਵੀ ਤੁਰੰਤ ਪੱਕੇ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ।