ਖੇਤਰੀ ਪ੍ਰਤੀਨਿਧ
ਪਟਿਆਲਾ, 5 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ ਭੌਤਿਕ ਵਿਗਿਆਨ ਦੀਆਂ ਵੱਖ-ਵੱਖ ਵੰਨਗੀਆਂ (ਜਿਵੇਂ ਕਿ ਕੁਆਂਟਮ ਕੰਪਿਊਟਰ, ਜਨਰਲ ਥਿਊਰੀ ਆਫ਼ ਰੈਲੇਟਿਵਿਟੀ, ਚਰਨੋਬਲ ਨਿਊਕਲੀਅਰ ਘਟਨਾ ਆਦਿ) ’ਤੇ ਲੈਕਚਰ ਕੀਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਆਪਣੇ ਅਧਿਆਪਕਾਂ ਤੋਂ ਲਈ ਜੀਵਨ ਸੇਧ ਦਾ ਜ਼ਿਕਰ ਵੀ ਕੀਤਾ। ਮਨੋਵਿਗਿਆਨ ਵਿਭਾਗ ਦੀ ਮੁਖੀ ਪ੍ਰੋ. ਮਮਤਾ ਸ਼ਰਮਾ ਨੇ ‘ਜੀਵਨ ਹੁਨਰ ਅਤੇ ਨੌਜਵਾਨੀ’ ਵਿਸ਼ੇ ’ਤੇ ਭਾਸ਼ਣ ਦਿੱਤਾ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਅਨੂਪ ਠਾਕੁਰ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਜੀਵਨ ਜਾਚ ਸਿੱਖਣ ’ਤੇ ਵੀ ਜ਼ੋਰ ਦੇਣ ਲਈ ਪ੍ਰੇਰਿਆ ਗਿਆ। ਡੀਨ ਫੈਕਲਟੀ ਆਫ ਫਿਜ਼ੀਕਲ ਸਾਇੰਸ ਪ੍ਰੋ. ਸੰਜੀਵ ਪੁਰੀ ਅਤੇ ਭੌਤਿਕ ਵਿਗਿਆਨ ਵਿਭਾਗ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਰਿਸਰਚ ਸਕਾਲਰਾਂ ਨੇ ਵੀ ਸ਼ਿਰਕਤ ਕੀਤੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਅਧਿਆਪਕ ਦਿਵਸ ਮੌਕੇ ਯੂਨੀਵਰਸਿਟੀ ਦੀ ਸਮੁੱਚੀ ਫ਼ੈਕਲਟੀ ਨੂੰ ਵਿਸ਼ੇਸ਼ ਤੌਰ ’ਤੇ ਈ-ਮੇਲ ਭੇਜੀ। ਉਨ੍ਹਾਂ ਲਿਖਿਆ ਕਿ ‘ਅਧਿਆਪਨ ਅਤੇ ਖੋਜ ਕਾਰਜ ਹੀ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਬਣਾਉਂਦਾ ਹੈ। ਅਧਿਆਪਕ ਕਿਸੇ ਵੀ ਵਿੱਦਿਅਕ ਅਦਾਰੇ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।’ ਉਨ੍ਹਾਂ ਲਿਖਿਆ, ‘ਆਓ! ਆਪਾਂ ਇਸ ਦਿਨ ਅਹਿਦ ਲਈਏ ਕਿ ਦੇਸ਼ ਦੀ ਇਸ ਪ੍ਰਮੁੱਖ ਯੂਨੀਵਰਸਿਟੀ ਨੂੰ ਅੱਗੇ ਵਧਾਉਣ ਅਤੇ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਦੇ ਰੂਪ ਵਿੱਚ ਉਭਾਰਨ ਲਈ ਰਲ ਮਿਲ ਕੇ ਮਿਹਨਤ ਕਰੀਏ।’