ਖੇਤਰੀ ਪ੍ਰਤੀਨਿਧ
ਪਟਿਆਲਾ, 31 ਮਈ
‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ’ ਵਿੱਚ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ’ ਦੀ ਲੈਕਚਰ ਲੜੀ ਤਹਿਤ ‘ਸਿੱਖ ਇਤਿਹਾਸ ਦੇ ਸਰੋਤਾਂ ਦੀ ਅਧਿਐਨ ਵਿਧੀ’ ਵਿਸ਼ੇ ’ਤੇ 44ਵਾਂ ਲੈਕਚਰ ਕਰਵਾਇਆ ਗਿਆ। ਕੁੰਜੀਵਤ ਭਾਸ਼ਣ ’ਚ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ ਵਧੇਰੇ ਕਰਕੇ ਗੁਰਮੁਖੀ ਵਿਚ ਲਿਖੇ ਗਏ ਹਨ। ਇਨ੍ਹਾਂ ਦੀ ਬੁਨਿਆਦੀ ਸਿੱਖਿਆ ਨੂੰ ਹਿਰਦੇ ’ਚ ਧਾਰਨ ਕਰਨਾ ਹੈ ਤੇ ਸੁਹਿਰਦ ਪਾਠਕ ਬਣਨ ਦੀ ਲੋੜ ਹੈ। ਮੁੱਖ ਬੁਲਾਰੇ ਡਾ. ਪਰਮਵੀਰ ਸਿੰਘ (ਪ੍ਰੋਫੈਸਰ ਸਿੱਖ ਵਿਸ਼ਵਕੋਸ਼ ਵਿਭਾਗ) ਨੇ ਆਖਿਆ ਕਿ ਇਤਿਹਾਸ ਦੇ ਅਧਿਐਨ ਦੀਆਂ ਕਈ ਪਰਤਾਂ ਹਨ। ਪ੍ਰਧਾਨਗੀ ਭਾਸ਼ਨ ’ਚ ਡਾ. ਬਲਵੰਤ ਸਿੰਘ ਢਿੱਲੋਂ ਨੇ ਆਖਿਆ ਕਿ ਸਿੱਖ ਇਤਿਹਾਸ ਤਾਂ ਲਿਖਦੇ ਹਨ, ਪਰ ਇਸ ਨੂੰ ਢੁਕਵੇਂ ਤਰੀਕੇ ਨਾਲੇ ਸੰਭਾਲਣ ਦੀ ਘਾਟ ਰਹਿੰਦੀ ਹੈ ਜਿਸ ਕਾਰਨ ਹੀ ਅਸੀਂ ਇਤਿਹਾਸ ਦੇ ਬਹੁਮੁੱੱਲੇ ਤੱਥਾਂ ਤੋਂ ਵਿਰਵੇ ਰਹਿ ਗਏ ਹਾਂ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਇਤਿਹਾਸ ਨੂੰ ਪ੍ਰਚਾਰਨ ਲਈ ਉਸ ਉਪਰ ਵਿਸ਼ਵਾਸ ਹੋਣਾ ਚਾਹੀਦਾ ਹੈ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਦੱਸਿਆ ਕਿ ਪੁਰਾਤਨ ਵਿਰਸਾ ਸਾਡੇ ਪਾਸ ਹੱਥ-ਲਿਖਤਾਂ ਰਾਹੀਂ ਪੁੱਜਿਆ ਹੈ। ਮੱਧ-ਕਾਲ ਦੇ ਸਿੱਖ ਸਰੋਤਾਂ ਦੀ ਮਹਾਨਤਾ ਪ੍ਰਗਟਾਉਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਵਿਚ ਸਾਡਾ ਇਤਿਹਾਸ ਸ਼ਾਮਲ ਹੈ।