ਪੱਤਰ ਪ੍ਰੇਰਕ
ਘਨੌਰ, 29 ਦਸੰਬਰ
ਇਥੇ ਅਨਾਜ ਮੰਡੀ ਵਿੱਚ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੁਲਾਕਾਤ ਲਈ ਸੱਦ ਕੇ ਨਾ ਮਿਲਣ ’ਤੇ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਦਾ ਪ੍ਰਗਟਾਵਾ ਕੀਤਾ। ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਤੇ ਉਜਾੜਾ ਰੋਕੂ ਸੰਘਰਸ਼ ਕਮੇਟੀ ਸੀਲ ਕੈਮੀਕਲ ਰਾਜਪੁਰਾ ਦੇ ਆਗੂਆਂ ਐਡਵੋਕੇਟ ਪ੍ਰੇਮ ਸਿੰਘ ਭੰਗੂ, ਪਵਨ ਕੁਮਾਰ ਸੋਗਲਪੁਰ, ਲਸ਼ਕਰ ਸਿੰਘ ਸਰਦਾਰਗੜ੍ਹ, ਅਪੰਗ ਸੁਅੰਗ ਮੰਚ ਆਗੂ ਓਮਕਾਰ ਸ਼ਰਮਾ ਸੋਗਲਪੁਰ, ਪੇਂਡੂ ਚੌਕੀਦਾਰ ਯੂਨੀਅਨ ਆਗੂ ਰਾਮ ਮੂਰਤੀ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਪੁਲੀਸ ਵੱਲੋਂ ਫੋਨ ਰਾਹੀਂ ਸੂਚਿਤ ਕੀਤਾ ਗਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਘਨੌਰ ਫੇਰੀ ਦੌਰਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੰਗਾਂ ਸਬੰਧੀ ਮੁਲਾਕਾਤ ਕਰਨਗੇ। ਪਰ ਉਹ ਸਵੇਰੇ 10 ਵਜੇ ਤੋਂ 2.30 ਵਜੇ ਤੱਕ ਸਟੇਜ ਦੇ ਪਿਛਲੇ ਪਾਸੇ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਖੜ੍ਹੇ ਰਹੇ। ਮੁੱਖ ਮੰਤਰੀ ਸਮਾਗਮ ਦੀ ਸਮਾਪਤੀ ’ਤੇ ਸਟੇਜ ਕੋਲ ਕਾਰ ਵਿੱਚ ਬੈਠ ਕੇ ਹੈਲੀਪੈਡ ਲਈ ਰਵਾਨਾ ਹੋ ਗਏ ਤੇ ਉਥੋਂ ਹੈਲੀਕਾਪਟਰ ਵਿੱਚ ਸਵਾਰ ਹੋ ਕੇ ਚਲੇ ਗਏ। ਇਸ ਮੌਕੇ ਮੌਜੂਦ ਕਾਮਰੇਡ ਪ੍ਰੇਮ ਸਿੰਘ ਭੰਗੂ ਸਣੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਚੰਨੀ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਦਾਅਵਾ ਕਰਦੀ ਹੈ ਪਰ ਮੁੱਖ ਮੰਤਰੀ ਲੋਕਾਂ ਦਾ ਸਾਹਮਣਾ ਕਰਨ ਤੋਂ ਡਰਦਾ ਹੈ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਝੂਠੇ ਤੇ ਫੋਕੇ ਵਾਅਦਿਆਂ ਦਾ ਜ਼ਮੀਨੀ ਹਕੀਕਤ ਨਾਲ ਕੋਈ ਸਬੰਧ ਨਹੀਂ।