ਸਰਬਜੀਤ ਸਿੰਘ ਭੰਗੂ
ਪਟਿਆਲਾ 14 ਅਗਸਤ
ਦੇਸ਼ ਦੀ ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ ਅੱਜ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਸਮੇਤ ਕਈ ਆਗੂ ਇਥੇ ਸਿਵਲ ਸਰਜਨ ਦਫ਼ਤਰ ਅੱਗੇ ਦੋ ਰੋਜ਼ਾ ਭੁੱਖ ਹੜਤਾਲ ’ਤੇ ਬੈਠ ਗਏ ਹਨ। ਇਨ੍ਹਾਂ ਆਗੂਆਂ ਵਿੱਚ ਦਰਸ਼ਨ ਸਿੰਘ ਲੁਬਾਣਾ ਸਮੇਤ ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ ਮਾਧੋ ਲਾਲ, ਰਾਮ ਕਿਸ਼ਨ, ਗੁਰਦਰਸ਼ਨ ਸਿੰਘ, ਰਾਮ ਪ੍ਰਸਾਦ ਸਹੋਤਾ, ਸ਼ਿਵ ਚਰਨ, ਸੂਰਜਪਾਲ, ਰਾਮ ਜੋਧਾ, ਇੰਦਰ ਪਾਲ, ਰਤਨ ਸਿੰਘ ਅਤੇ ਉਤਮ ਚੰਦ ਸ਼ਾਮਲ ਹਨ। ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਵਾ ਹੈ ਕਿ ਪੰਜਾਬ ਸਰਕਾਰ ਨੇ ਇਸ ਵਰਗ ਦੇ ਮੁਲਾਜ਼ਮ, ਜੋ 98 ਫੀਸਦੀ ਅਨਸੁੂਚਿਤ ਜਾਤੀਆਂ, ਪੱਛੜੀ ਸ਼੍ਰੇਣੀਆਂ ਨਾਲ ਸਬੰਧਤ ਹਨ, ਦੀ ਭਰਤੀ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਮੌਜੂਦਾ ਆਸਾਮੀਆਂ ਨੂੰ ‘ਡਾਇੰਗ ਕੇਡਰ’ ਵਿੱਚ ਤਬਦੀਲ ਕਰਕੇ ਪਬਲਿਕ ਸੈਕਟਰ ਵਿੱਚ ਇਸ ਸਮਾਜ ਲਈ ਨੌਕਰੀਆਂ ਦਾ ਖਾਤਮਾ ਕਰ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਵਰਕਚਾਰਜ, ਕੰਟਰੈਕਟ, ਆਊਟਸੋਰਸ ਸਮੇਤ ਪਾਰਟਟਾਈਮ ਕਰਮਚਾਰੀਆਂ ਦਾ ਠੇਕੇਦਾਰਾਂ ਦੁਆਰਾ ਆਰਥਿਕ ਸ਼ੋਸ਼ਣ ਕਰਨ ਦੇ ਦੋਸ਼ ਵੀ ਲਾਏ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ 15 ਅਗਸਤ ਨੂੰ ਝੰਡਾ ਮਾਰਚ ਕਰਕੇ ਝੰਡਾ ਝੁਲਾਉਣ ਆ ਰਹੇ ਮੰਤਰੀ ਨੂੰ ਯਾਦ ਪੱਤਰ ਦਿੱਤਾ ਜਾਵੇਗਾ।