ਖੇਤਰੀ ਪ੍ਰਤੀਨਿਧ
ਪਟਿਆਲਾ, 28 ਜੁਲਾਈ
ਇਥੇ ਸ਼ਹਿਰ ਦੇ ਇੱਕ ਵਿਅਕਤੀ ਕੋਲੋਂ ਵਿਦੇਸ਼ ਬੈਠੇ ਇੱਕ ਵਿਅਕਤੀ ਵੱਲੋਂ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਿਆਂ, ਪੰਜ ਲੱਖ ਰੁਪਏ ਫਿਰੌਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਮਜੀਤ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਵਿਦੇਸ਼ ਨਾਲ ਸਬੰਧਤ ਇੱਕ ਮੋਬਾਈਲ ਫੋਨ ਤੋਂ ਕਾਲ ਕਰਨ ਵਾਲ਼ੇ ਸ਼ਖਸ਼ ਦਾ ਕਹਿਣਾ ਸੀ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਪ੍ਰ੍ਰਮੁੱਖ ਮੈਂਬਰ ਦਾ ਪੀਏ ਹੈ। ਫਿਰੌਤੀ ਦੀ ਮੰਗ ਕਰਦਿਆਂ ਇਸ ਵਿਅਕਤੀ ਦਾ ਕਹਿਣਾ ਸੀ ਕਿ ਜੇ ਫਿਰੌਤੀ ਨਾ ਦਿੱਤੀ ਗਈ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਪੀੜਤ ਵਿਅਕਤੀ ਸੀਨੀਅਰ ਸਿਟੀਜ਼ਨ ਹੈ ਤੇ ਪਹਿਲਾਂ ਉਹ ਚੰਗਾ ਬਿਜਨੈਸਮੈਨ ਰਿਹਾ ਹੈ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਡੀਐੱਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਇਸ ਸਬੰਧੀ ਫੋਨ ਨੰਬਰ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਥਾਣਾ ਤ੍ਰਿਪੜੀ ਵਿੱਚ ਧਾਰਾ 384 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਰਾਜਪੁਰਾ ਵਿੱਚ ਇੱਕ ਵਿਅਕਤੀ ਕੋਲ਼ੋਂ ਫਿਰੌਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਲੀਲਾ ਭਵਨ ਤੋ ਮੋਟਰਸਾਈਕਲ ਚੋਰੀ
ਪਟਿਆਲਾ (ਖੇਤਰੀ ਪ੍ਰ੍ਰਤੀਨਿਧ) ਇਥੋਂ ਦੇ ਪੋਸ਼ ਏਰੀਏ ਲੀਲਾ ਭਵਨ ਵਿਚੋਂ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਧਰਮਪ੍ਰੀਤ ਸਿੰਘ ਵਾਸੀ ਸੰਗਰੂਰ ਸੀ। ਇਸ ਸਬੰਧੀ ਥਾਣਾ ਲਹੌਰੀ ਗੇਟ ਦੀ ਪੁਲੀਸ ਕੋਲ਼ ਦਰਜ ਕਰਵਾਈ ਗਈ ਸ਼ਿਕਾਇਤ ’ਚ ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਉਸ ਨੇ ਸਵੇਰੇ ਸਾਢੇ ਅੱਠ ਵਜੇ ਮੋਟਰਸਾਈਕਲ ਲੀਲਾ ਭਵਨ ਦੀ ਪਾਰਕਿੰਗ ’ਚ ਖੜ੍ਹਾਇਆ ਸੀ ਪਰ ਜਦੋਂ ਸ਼ਾਮੀ ਪੰਜ ਵਜੇ ਵਾਪਿਸ ਪਰਤਿਆ, ਤਾਂ ਮੋਟਰਸਾਈਕਲ ਗਾਇਬ ਸੀ।