ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਈ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਐਲਾਨ ਦੇ ਤਹਿਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਅੱਜ ‘ਸਹਿਯੋਗੀ’ ਨਾਮ ਦੀ ਹੈਲਪਲਾਈਨ ਦਾ ਆਗ਼ਾਜ਼ ਕੀਤਾ ਹੈ। ਪਟਿਆਲਾ ਦੇ ਸਾਕੇਤ ਹਸਪਤਾਲ ਵਿੱਚ 24 ਘੰਟੇ ਕਾਰਜਸ਼ੀਲ ਰਹਿਣ ਵਾਲੀ ਇਸ 0175-2213385 ਨੰਬਰ ’ਤੇ ਆਧਾਰਤ ਹੈਲਪਲਾਈਨ ਅੱਜ ਇਥੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐੱਸਐੱਸਪੀ ਦੀਪਕ ਪਾਰੀਕ ਨੇ ਜਾਰੀ ਕੀਤੀ। ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੀ ਵਿਉਂਤਬੰਦੀ ਵੀ ਉਲੀਕੀ ਗਈ। ਡੀਸੀ ਦਾ ਕਹਿਣਾ ਸੀ ਕਿ ਇਹ ਹੈਲਪਲਾਈਨ ਨਸ਼ਾ ਛੱਡਣ ਵਾਲਿਆਂ ਸਮੇਤ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਦੇ ਚਾਹਵਾਨਾਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਐੱਸਐੱਸਪੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਸਾਂਝੇ ਯਤਨ ਕੀਤੇ ਜਾਣਗੇ। ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਸਾਰੇ ਵਿਧਾਇਕਾਂ ਦੇ ਸਹਿਯੋਗ ਨਾਲ ਖੇਡ ਅਤੇ ਲਾਇਬ੍ਰੇਰੀ ਸੱਭਿਆਚਾਰ ਵੀ ਪ੍ਰਫੁੱਲਤ ਕੀਤਾ ਜਾਵੇਗਾ।