ਰਵੇਲ ਸਿੰਘ ਭਿੰਡਰ
ਪਟਿਆਲਾ, 7 ਜੁਲਾਈ
ਅਕਾਦਮਿਕ ਸੈਸ਼ਨ 2021-22 ਦੇ ਦਾਖਲਿਆਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਦਾਖਲਾ ਪ੍ਰਕਿਰਿਆ ਆਨਲਾਈਨ ਮੋਡ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕਾਊਂਸਲਿੰਗ ਆਨਲਾਈਨ ਮੋਡ ਵਿੱਚ ਕਰਨ ਲਈ ਐਂਡਰਾਇਡ ਐਪ ਅਤੇ ਵੈਬ ਪੋਰਟਲ ਲਾਂਚ ਕੀਤਾ ਗਿਆ ਹੈ। ਇਹ ਸਿਸਟਮ ਦਾਖਲਾ ਸੈੱਲ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਗੁਰਪ੍ਰੀਤ ਸਿੰਘ ਜੋਸਨ ਅਤੇ ਅਰਵਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਅਜਿਹੇ ਸਿਸਟਮ ਸਮੇਂ ਦੀ ਲੋੜ ਹਨ ਅਤੇ ਇਸ ਨਾਲ ਵਿਭਾਗਾਂ ਅਤੇ ਵਿਦਿਆਰਥੀਆਂ ਨੂੰ ਸਹੂਲਤ ਮਿਲੇਗੀ। ਇਸੇ ਦੌਰਾਨ ਐਡਮਿਸ਼ਨ ਸੈੱਲ ਦੇ ਕੋਆਰਡੀਨੇਟਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਦੂਰ-ਦੁਰਾਡੇ ਪੇਂਡੂ ਖੇਤਰਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਕੋਲ ਲੋੜੀਂਦੇ ਸਾਧਨ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਦਸਤਾਵੇਜ਼ ਸਕੈਨ ਕਰਨ ਅਤੇ ਵੈਬ ਪੋਰਟਲ ’ਤੇ ਅਪਲੋਡ ਕਰਨ ਵਿੱਚ ਦਿੱਕਤਾਂ ਆਉਂਦੀਆਂ ਸਨ ਤੇ ਇਨ੍ਹਾਂ ਦਿੱਕਤਾਂ ਦੇ ਹੱਲ ਲਈ ਇਹ ਸਿਸਟਮ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਵੈਬ ਪਲੈਟਫਾਰਮ ਵਿਦਿਆਰਥੀਆਂ ਤੇ ਵਿਭਾਗਾਂ ਵਿੱਚ ਦਾਖਲੇ ਲਈ ਤਾਲਮੇਲ ਪੈਦਾ ਕਰਨ ਲਈ ਸਹਾਈ ਹੋਵੇਗਾ। ਵਿਭਾਗ ਪ੍ਰਾਪਤ ਹੋਏ ਐਡਮਿਸ਼ਨ ਫਾਰਮ ਅਤੇ ਦਸਤਾਵੇਜ਼ ਆਨਲਾਈਨ ਵੇਖ ਸਕਣਗੇ ਅਤੇ ਵੈਰੀਫਾਈ ਕਰ ਸਕਣਗੇ।
ਐਂਡਰਾਇਡ ਐਪ ਬਾਰੇ ਅਹਿਮ ਜਾਣਕਾਰੀ
ਡਾ. ਗੁਰਪ੍ਰੀਤ ਸਿੰਘ ਜੋਸਨ ਨੇ ਐਂਡਰਾਇਡ ਐਪ ਬਾਰੇ ਦੱਸਦਿਆਂ ਕਿਹਾ ਕਿ ਇਸ ਐਪ ਰਾਹੀਂ ਵਿਦਿਆਰਥੀ ਆਪਣੇ ਫੋਨ ਦੇ ਕੈਮਰੇ ਤੋਂ ਕਿਸੇ ਵੀ ਦਸਤਾਵੇਜ਼ ਦੀ ਫੋਟੋ ਖਿਚ ਕੇ ਸਰਵਰ ’ਤੇ ਅਪਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਆਪਣੀ ਡਿਟੇਲ ਮਾਰਕਸ ਵੀ ਅਪਲੋਡ ਕਰ ਸਕਣਗੇ। ਇਹ ਐਪ ਗੂਗਲ ਪਲੇਅਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਯੂਨੀਵਰਸਿਟੀ ਸਬੰਧੀ ਪ੍ਰੋਮੋਸ਼ਨਲ ਫਿਲਮ ਰਿਲੀਜ਼
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਵਿਲੱਖਣਤਾਵਾਂ ਨੂੰ ਦਰਸਾਉਂਦੀ ਤਿੰਨ ਮਿੰਟ ਦੀ ਪ੍ਰੋਮੋਸਨਲ ਫਿਲਮ ਨੂੰ ਵਾਈਸ ਚਾਂਸਲਰ ਡਾ. ਅਰਵਿੰਦ ਅਤੇ ਕਨਸੋਰਟੀਅਮ ਫਾਰ ਐਜੂਕੇਸਨਲ ਕਮਿਊਨੀਕੇਸ਼ਨ (ਸੀਈਸੀ) ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ. ਭੂਸ਼ਣ ਨੱਢਾ ਵੱਲੋਂ ਰਿਲੀਜ਼ ਕੀਤਾ ਗਿਆ। ਇਹ ਫਿਲਮ ਈਐੱਮਆਰਸੀ ਵਿੱਚ ਸੀਨੀਅਰ ਪ੍ਰੋਡਿਊਸਰ ਦੇ ਅਹੁਦੇ ’ਤੇ ਤਾਇਨਾਤ ਅਤੇ ਫਿਲਮ ਡਾਇਰੈਕਟਰ ਡਾ. ਕੁਲਪਿੰਦਰ ਸ਼ਰਮਾ ਵੱਲੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਇਸ ਫਿਲਮ ਨਾਲ ਯੂਨੀਵਰਸਿਟੀ ਵੱਲੋਂ ਇਸ ਸਾਲ ਤੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਕੋਰਸਾਂ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਮਿਲ ਸਕੇਗੀ ਜੋ ਕਿ ਪਾੜ੍ਹਿਆਂ ਲਈ ਲਾਹੇਵੰਦ ਸਿੱਧ ਹੋਵੇਗੀ।