ਪੱਤਰ ਪ੍ਰੇਰਕ
ਪਾਤੜਾਂ, 24 ਫਰਵਰੀ
ਵਿਕਾਸ ਕਾਰਜਾਂ ਦੀ ਭੇਟ ਚੜ੍ਹਦੇ ਰੁੱਖਾਂ ਨੂੰ ਬਚਾਉਣ ਲਈ ਜੰਗਲਾਤ ਵਿਭਾਗ ਵੱਲੋਂ ਪੱਛਮ ਦੀ ਤਰਜ਼ ਉੱਤੇ ਨਵੀਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਉਪਰਾਲੇ ਤਹਿਤ ਵੱਡੀ ਉਮਰ ਦੇ ਦਰੱਖਤਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਉੱਤੇ ਲਾਏ ਜਾਣ ਵਾਲੇ ਪ੍ਰਾਜੈਕਟ ਦੀ ਜੰਗਲਾਤ ਵਿਭਾਗ ਨੇ ਸ਼ੁਰੂਆਤ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਟਿਆਲਾ-ਪਾਤੜਾਂ ਮੁੱਖ ਮਾਰਗ ਤੋਂ ਲੰਘਣ ਵਾਲੇ ਜੰਮੂ ਕੱਟੜਾ ਐਕਸਪ੍ਰੈਸਵੇਅ ਲਈ ਅੜਿੱਕਾ ਬਣਦੇ ਰੁੱਖਾਂ ਨੂੰ ਕੱਟਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਟਰਾਂਸ ਲੋਕੇਟ ਵਿਧੀ ਰਾਹੀਂ ਲਗਾਏ ਜਾਣ ਵਾਲੇ ਦਰੱਖਤਾਂ ਵਿੱਚ ਚਾਰ ਤੋਂ ਦਸ ਸਾਲ ਤੱਕ ਦੀ ਉਮਰ ਵਾਲੇ ਪਿੱਪਲ, ਬੋਹੜ, ਟਹਾਲੀ, ਅਰਜਨ ਅਤੇ ਨਿੰਮ ਦੇ ਰੁੱਖ ਸ਼ਾਮਲ ਕੀਤੇ ਗਏ ਹਨ। ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਜਗਦੀਪ ਸਿੰਘ ਨੇ ਦੱਸਿਆ ਕਿ ਟਰਾਂਸ ਲੋਕੇਟ ਵਿਧੀ ਦੀ ਸ਼ੁਰੂਆਤ ਦੌਰਾਨ ਸਬ ਡਿਵੀਜ਼ਨ ਪਾਤੜਾਂ ਵਿੱਚੋਂ ਲੰਘਣ ਵਾਲੇ ਜੰਮੂ-ਕੱਟੜਾ ਐਕਸਪ੍ਰੈੱਸਵੇਅ ਦੇ ਪੰਜਾਬ ਵਿੱਚ ਐਂਟਰੀ ਵਾਲੇ ਪਿੰਡ ਗਲੌਲੀ ਤੋਂ ਬਰਾਸ ਤੱਕ ਜੰਗਲਾਤ ਵਿਭਾਗ ਵੱਲੋਂ 99 ਦਰੱਖਤਾਂ ਨੂੰ ਪੁੱਟ ਕੇ ਦੂਜੀ ਥਾਂ ਉੱਤੇ ਲਗਾਇਆ ਜਾਣਾ ਹੈ।