ਖੇਤਰੀ ਪ੍ਰਤੀਨਿਧ
ਪਟਿਆਲਾ, 8 ਮਾਰਚ
ਕੇਂਦਰੀ ਜੇਲ ਪਟਿਆਲਾ ਵਿਖੇ ਨਜ਼ਰਬੰਦ ਮਹਿਲਾ ਬੰਦੀਆਂ (ਕੈਦੀ ਅਤੇ ਹਵਾਲਾਤੀ) ਨੂੰ ਸਵੈ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਐੱਸਬੀਆਈ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਕੇਂਦਰ ਵੱਲੋਂ ਆਚਾਰ ਬਣਾਉਣ ਦੀ ਸਿਖਲਾਈ ਦੇਣ ਲਈ 6 ਦਿਨਾਂ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਆਰਸੇਟੀ ਦੇ ਡਾਇਰੈਕਟਰ ਰਾਜੀਵ ਸਰਹਿੰਦੀ ਦੀ ਨਿਗਰਾਨੀ ਹੇਠਲੇ ਇਸ ਕੋਰਸ ਦਾ ਉਦਘਾਟਨ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਆਚਾਰ ਬਣਾਉਣ ਦੀ ਸਿਖਲਾਈ ਜਿਥੇ ਨਜ਼ਰਬੰਦ ਮਹਿਲਾ ਬੰਦੀਆਂ ਨੂੰ ਜੇਲ੍ਹ ਅੰਦਰ ਕੁਝ ਨਵਾਂ ਸਿਖਣ ’ਚ ਸਹਾਈ ਹੋਵੇਗੀ, ਉਥੇ ਹੀ ਰਿਹਾਈ ਮਗਰੋਂ ਸਵੈ ਰੁਜ਼ਗਾਰ ’ਚ ਵੀ ਮਦਦ ਕਰੇਗੀ। ਆਰਸੇਟੀ ਦੇ ਡਾਇਰੈਕਟਰ ਰਾਜੀਵ ਸਰਹਿੰਦੀ ਨੇ ਕਿਹਾ ਕਿ ਆਰਸੇਟੀ ਵੱਲੋਂ ਸਵੈ ਰੁਜ਼ਗਾਰ ਨੂੰ ਉਤਸ਼ਾਹਤ ਕਰਨ ਲਈ ਹਰੇਕ ਵੀਰਵਾਰ ਵੱਖਰੇ ਤੌਰ ’ਤੇ ਬਾਜ਼ਾਰ ਲਗਾਇਆ ਜਾਂਦਾ ਹੈ। ਇਸ ਮੌਕੇ ਵਧੀਕ ਸੁਪਰਡੈਂਟ ਰਾਜਦੀਪ ਬਰਾੜ, ਡਿਪਟੀ ਸੁਪਰਡੈਂਟ ਬਲਜਿੰਦਰ ਚੱਠਾ, ਹਰਜੋਤ ਕਲੇਰ ਅਤੇ ਸਹਾਇਕ ਸੁਪਰਡੈਂਟ ਹਰਪ੍ਰੀਤ ਕੌਰ ਮੌਜੂਦ ਸਨ।