ਖੇਤਰੀ ਪ੍ਰਤੀਨਿਧ
ਪਟਿਆਲਾ, 15 ਫ਼ਰਵਰੀ
ਇੱਥੇ ਪਟਿਆਲਾ ਦਿਹਾਤੀ ਹਲਕੇ ਤੋਂ ਕਾਂਗਰਸ ਉਮੀਦਵਾਰ ਮੋਹਿਤ ਮੋਹਿੰਦਰਾ ਵਲੋਂ ਅੱਜ ਕਈ ਪਿੰਡਾਂ ਦਾ ਦੌਰਾ ਕਰਦਿਆਂ, ਲੋਕਾਂ ਨਾਲ ਸੰਵਾਦ ਰਚਾਉਣ ਲਈ ਜਨ ਸੰਪਰਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿੰਡ ਕਾਠਮੱਠੀ, ਜੱਸੋਵਾਲ, ਰੌੜੇਵਾਲ ਤੇ ਫ਼ਤਿਹਪੁਰ ਵਿੱਚ ਘਰੋ ਘਰੀ ਜਾ ਕੇ ਚੋਣ ਪ੍ਰਚਾਰ ਤੇ ਬੈਠਕਾਂ ਵੀ ਕੀਤੀਆਂ।ਇਸ ਦੌਰਾਨ ਕੁਝ ਥਾਈਂ ਤਾਂ ਉਨ੍ਹਾਂ ਨੇ ਲੋਕਾਂ ਦੇ ਵਿਹੜਿਆਂ ’ਚ ਬੈਠ ਕੇ ਲੋਕਾਂ ਨਾਲ਼ ਆਮ ਰੂਪ ’ਚ ਗੱਲਬਾਤਾਂ ਕੀਤੀਆਂ। ਇਸ ਦੌਰਾਨ ਜਿਥੇ ਹਾਸਾ ਠੱਠਾ ਹੋਇਆ ਉਥੇ ਹੀ ਉਨ੍ਹਾਂ ਨੂੰ ਕੁਝ ਥਾਈਂ ਤਾਅਨੇ ਮਿਹਣੇ ਵੀ ਸੁਣਨੇ ਪਏ। ਖਾਸ ਕਰਕੇ ਕੁਝ ਸੁਆਣੀਆਂ ਨੇ ਆਪਣੇ ਵਿਹਲੇ ਫਿਰਦੇ ਮੁੰਡਿਆਂ ਨੂੰ ਰੁਜ਼ਗਾਰ ਨਾ ਮਿਲਣ ਦੀ ਗੱਲ ਵੀ ਆਖੀ। ਇਸ ਮੌਕੇ ’ਤੇ ਮੋਹਿਤ ਮਹਿੰਦਰਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ ਦੇ ਪਿਤਾ ਨੇ ਇਸ ਹਲਕੇਵਿਚ ਜਿੰਨਾ ਫੰਡ ਖਰਚਿਆ ਹੈ, ਉਨਾਂ ਨਾਲ਼ ਦੇ ਹੋਰਨਾਂ ਹਲਕਿਆਂ ਵਿਚ ਨਹੀਂ ਖਰਚ ਕੀਤਾ ਗਿਆ। ਇਸੇ ਦੌਰਾਨ ਮੋਹਿਤ ਮਹਿੰਦਰਾ ਦਾ ਕਹਿਣਾ ਸੀ ਕਿ ਪਿਛਲੀ ਵਾਰ ਇਸ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜੇ ਸਤਿਵੀਰ ਸਿੰਘ ਖੱਟੜਾ ਵੀ ਐਤਕੀ ਉਨ੍ਹਾਂ ਦੇ ਨਾਲ਼ ਹੈ। ਇਸ ਮੌਕੇ ਰਘੁਬੀਰ ਸਿੰਘ ਖੱਟੜਾ, ਚੇਅਰਮੈਨ ਸੁੱਖਪਾਲ ਸਿੰਘ, ਹਰਬੀਰ ਢੀਂਡਸਾ, ਬਲਾਕ ਸਮਿਤੀ ਮੈਂਬਰ ਕੇਵਲ ਸਿੰਘ ਹਾਜ਼ਰ ਸਨ।